DSGMC ਦੇ ਚੋਣ ਨਤੀਜੇ SGPC ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ : ਜੀ. ਕੇ.

Saturday, Mar 14, 2020 - 12:22 PM (IST)

DSGMC ਦੇ ਚੋਣ ਨਤੀਜੇ SGPC ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ : ਜੀ. ਕੇ.

ਜਲੰਧਰ (ਬੁਲੰਦ, ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਸਲ 'ਚ ਇਸ ਵਾਰ ਬੇਹੱਦ ਰੌਚਕ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਸਿੱਧੇ ਤੌਰ 'ਤੇ ਐੱਸ. ਜੀ. ਪੀ. ਸੀ. ਅਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਜੀ. ਕੇ. ਸਾਬਕਾ ਪ੍ਰਧਾਨ ਡੀ. ਐੱਸ. ਜੀ. ਐੱਮ. ਸੀ. ਤੇ ਸ਼੍ਰੋਅਦ ਦਿੱਲੀ ਨੇ ਕੀਤਾ। ਜੀ. ਕੇ. ਇਸ ਸਮੇਂ 'ਜਾਗੋ' ਨਾਂ ਦੇ ਸੰਗਠਨ ਦੇ ਪ੍ਰਧਾਨ ਹਨ। ਇਸ ਮੌਕੇ ਉਨ੍ਹਾਂ ਨਾਲ ਗੁਰਚਰਨ ਸਿੰਘ ਚੰਨੀ ਵੀ ਸਨ।

ਸਿੱਖਾਂ ਨੇ ਸ਼੍ਰੋਅਦ 'ਤੇ ਭਰੋਸਾ ਕਰਨਾ ਛੱਡਿਆ
ਗੱਲਬਾਤ ਦੌਰਾਨ ਜੀ. ਕੇ. ਨੇ ਕਿਹਾ ਕਿ ਸ਼੍ਰੋਅਦ ਦਾ ਭਵਿੱਖ ਹੁਣ ਧੁੰਦਲਾ ਹੈ। ਇਸ ਦੇ ਮੁੱਖ ਗਠਜੋੜ ਵਾਲੀ ਪਾਰਟੀ ਭਾਜਪਾ ਨੂੰ ਨਜ਼ਰ ਆ ਚੁੱਕਾ ਹੈ ਕਿ ਸੁਖਬੀਰ ਤੋਂ ਸ਼੍ਰੋਅਦ ਨਹੀਂ ਸੰਭਾਲੀ ਜਾਵੇਗੀ ਅਤੇ ਸਿੱਖਾਂ ਨੇ ਬਾਦਲ ਪਰਿਵਾਰ ਦਾ ਸਿੱਖ ਵਿਰੋਧੀ ਚਿਹਰਾ ਕਈ ਵਾਰ ਦੇਖਿਆ ਹੈ ਅਤੇ ਹੁਣ ਸਿੱਖ ਸ਼੍ਰੋਅਦ 'ਤੇ ਭਰੋਸਾ ਨਹੀਂ ਕਰ ਰਹੇ। ਹੁਣ ਸਿੱਖ ਬਾਦਲ ਪਰਿਵਾਰ 'ਤੇ ਭਰੋਸਾ ਨਹੀਂ ਕਰਨ ਵਾਲੇ। ਇਸ ਲਈ ਭਾਜਪਾ ਨੇ ਸਿੱਧੇ ਤੌਰ 'ਤੇ ਅਕਾਲੀ ਦਲ ਨਾਲ ਰਿਸ਼ਤਾ ਨਹੀਂ ਤੋੜਿਆ। ਪਹਿਲਾਂ ਹਰਿਆਣਾ 'ਚ ਅਤੇ ਫਿਰ ਦਿੱਲੀ 'ਚ ਅਕਾਲੀ ਦਲ ਨੂੰ ਮੂੰਹ ਲਾਉਣਾ ਬੰਦ ਕਰ ਦਿੱਤਾ। ਇਕ ਹਫਤੇ ਤੱਕ ਸੁਖਬੀਰ ਅਮਿਤ ਸ਼ਾਹ ਤੋਂ ਮਿਲਣ ਦਾ ਸਮਾਂ ਮੰਗਦੇ ਰਹੇ ਪਰ ਮਿਲਿਆ ਨਹੀਂ। ਭੂੰਦੜ ਦਿੱਲੀ ਚੋਣਾਂ 'ਚ 8 ਸੀਟਾਂ 'ਤੇ ਚੋਣ ਲੜਨ ਦੀ ਮੰਗ ਕਰਦੇ ਰਹੇ ਪਰ ਭਾਜਪਾ ਨੇ ਨਿਤਿਸ਼, ਪਾਸਵਾਨ ਵਰਗੇ ਨੇਤਾਵਾਂ ਨੂੰ ਸੀਟਾਂ ਦੇ ਕੇ ਅਕਾਲੀ ਦਲ ਤੋਂ ਪੱਲਾ ਹੀ ਝਾੜ ਲਿਆ। ਇਸ ਤੋਂ ਬਾਅਦ ਜਿਸ ਤਰ੍ਹਾਂ ਸੁਖਬੀਰ ਨੇ ਸੀ. ਏ. ਏ. ਦੇ ਨਾਂ 'ਤੇ ਪਹਿਲਾਂ ਚੋਣਾਂ ਨਾ ਕਰਵਾਉਣ ਦਾ ਐਲਾਨ ਕੀਤਾ ਅਤੇ ਫਿਰ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ, ਇਹ ਸਭ ਦੱਸਦਾ ਹੈ ਕਿ ਅਕਾਲੀ ਦਲ ਕਿਸ ਹਾਲਤ 'ਚ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਇਸ ਮੌਕੇ ਪੰਜਾਬ 'ਚ ਆਪਣੀ ਹੋਂਦ ਜਮਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਆਉਣ ਵਾਲੀਆਂ ਚੋਣਾਂ 'ਚ ਸ਼੍ਰੋਅਦ ਦਾ ਸਾਥ ਛੱਡਣਾ ਹੋਵੇਗਾ ਨਹੀਂ ਤਾਂ ਜੇਕਰ ਇਸ ਹਾਲਾਤ 'ਚ ਭਾਜਪਾ ਪੰਜਾਬ 'ਚ ਆਪਣੀ ਤਾਕਤ ਨਾ ਦਿਖਾ ਸਕੀ ਤਾਂ ਕਦੇ ਸ਼੍ਰੋਅਦ ਦੇ ਦਬਾਅ ਤੋਂ ਉੱਭਰ ਨਹੀਂ ਸਕੇਗੀ।

ਇਹ ਵੀ ਪੜ੍ਹੋ: ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)

ਬਾਦਲਾਂ ਅਤੇ ਸ਼੍ਰੋਅਦ ਪੰਜਾਬ ਇਕਾਈ ਨੂੰ ਬਾਹਰ ਰੱਖ ਕੇ ਜਿੱਤੇ ਪਿਛਲੀਆਂ ਚੋਣਾਂ
ਜੀ. ਕੇ. ਨੇ ਕਿਹਾ ਕਿ ਦਿੱਲੀ 'ਚ ਇਨ੍ਹਾਂ ਦੀ ਪ੍ਰਧਾਨਗੀ 'ਚ ਹੀ ਸ਼੍ਰੋਅਦ ਦੇ ਤਿੰਨ ਵਿਧਾਇਕ ਜਿੱਤੇ ਅਤੇ ਦੋ ਵਾਰ ਡੀ. ਐੱਸ. ਜੀ. ਐੱਮ. ਸੀ. 'ਚ ਸ਼੍ਰੋਅਦ ਦੀ ਜਿੱਤ ਹੋਈ ਪਰ ਪਾਰਟੀ 'ਚ ਇਸ ਤਰ੍ਹਾਂ ਬਾਦਲ ਪਰਿਵਾਰ ਭਾਰੂ ਹੈ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਕੋਈ ਕਦਰ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਅਜਿਹੇ ਦੋਸ਼ ਲਗਾਏ ਗਏ ਹਨ ਜੋ ਕੋਈ ਦੁਸ਼ਮਣ 'ਤੇ ਵੀ ਨਹੀਂ ਲਾਉਂਦਾ।

ਉਨ੍ਹਾਂ ਕਿਹਾ ਕਿ ਦਿੱਲੀ 'ਚ 5 ਵੱਖ-ਵੱਖ ਪਾਰਟੀਆਂ ਨੇ ਪਿਛਲੀ ਵਾਰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜੀਆਂ ਸਨ ਪਰ ਸਭ ਤੋਂ ਵੱਡੀ ਜਿੱਤ ਸ਼੍ਰੋਅਦ ਨੂੰ ਮਿਲੀ ਸੀ। ਇਸ ਲਈ ਸਭ ਤੋਂ ਵੱਡਾ ਦਾਅ ਜੋ ਉਨ੍ਹਾਂ ਨੇ ਚਲਾਇਆ ਸੀ, ਇਹ ਸੀ ਕਿ ਸਾਰੀਆਂ ਚੋਣਾਂ 'ਚ ਪੰਜਾਬ ਸ਼੍ਰੋਅਦ ਇਕਾਈ ਨੂੰ ਬਾਹਰ ਰੱਖਿਆ ਗਿਆ ਸੀ। ਜੀ. ਕੇ. ਨੇ ਕਿਹਾ ਕਿ ਸੁਖਬੀਰ ਇਸ ਗੱਲ ਤੋਂ ਨਾਰਾਜ਼ ਵੀ ਸਨ ਕਿ ਉਨ੍ਹਾਂ ਨੂੰ ਦਿੱਲੀ 'ਚ ਚੋਣ ਪ੍ਰਚਾਰ ਲਈ ਕਿਉਂ ਨਹੀਂ ਸੱਦਿਆ ਗਿਆ ਪਰ ਜੀ. ਕੇ. ਨੇ ਸਾਫ ਕਿਹਾ ਸੀ ਕਿ ਅਕਾਲੀ ਦਲ 'ਤੇ ਬਰਗਾੜੀ ਅਤੇ ਸਿਰਸਾ ਡੇਰੇਦਾਰ ਨੂੰ ਮੁਆਫੀ ਦੇਣ ਦੇ ਦਾਗ ਲੱਗੇ ਹਨ, ਜਿਸ 'ਤੇ ਦਿੱਲੀ ਦੇ ਸਿੱਖਾਂ ਨੇ ਭੜਕ ਜਾਣਾ ਹੈ। ਇਸ ਲਈ ਪਿਛਲੀਆਂ ਚੋਣਾਂ ਉਨ੍ਹਾਂ ਨੇ ਆਪਣੇ ਕੰਮਾਂ ਦੇ ਆਧਾਰ 'ਤੇ ਲੜੀਆਂ ਅਤੇ ਜਿੱਤੀਆਂ।

ਇਹ ਵੀ ਪੜ੍ਹੋ: ਸੋਨੀਆ ਗਾਂਧੀ ਦਾ 'ਪੁੱਤਰ ਮੋਹ' ਡੁਬੋ ਗਿਆ ਕਾਂਗਰਸ ਦੀ ਬੇੜੀ!

ਕੇਜਰੀਵਾਲ ਨਿਰਪੱਖ ਪਰ ਸਮੇਂ-ਸਿਰ ਚੋਣਾਂ ਕਰਵਾ ਕੇ ਪੰਜਾਬ ਜਿੱਤ ਸਕਦੇ ਹਨ : ਜੀ.ਕੇ.
ਜੀ. ਕੇ. ਨੇ ਕਿਹਾ ਕਿ ਜੇਕਰ ਕੇਜਰੀਵਾਲ ਦਿੱਲੀ 'ਚ ਆਪਣੀ ਸਮਰਥਕ ਪੰਥਕ ਪਾਰਟੀ ਵੱਲੋਂ ਚੋਣਾਂ ਲੜਦੇ ਹਨ ਅਤੇ ਹਾਰਦੇ ਹਨ ਤਾਂ ਇਸ ਨਾਲ 'ਆਪ' ਨੂੰ ਪੰਜਾਬ 'ਚ ਭਾਰੀ ਨੁਕਸਾਨ ਹੋਵੇਗਾ ਪਰ ਜੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਮੇਂ-ਸਿਰ ਕਰਵਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ 'ਚ ਸ਼੍ਰੋਅਦ ਦੀ ਹਾਰ ਹੁੰਦੀ ਹੈ ਤਾਂ ਇਸ ਨਾਲ 'ਆਪ' ਦਾ ਪੰਜਾਬ 'ਚ ਜਿੱਤ ਦਾ ਸੁਪਨਾ ਪੁਰਾ ਹੋ ਸਕਦਾ ਹੈ। ਦਿੱਲੀ 'ਚ ਸਿੱਖਾਂ ਦੀ ਵੋਟਰ ਸੂਚੀ 'ਚ ਕਈ ਸੋਧਾਂ ਹੋਣ ਵਾਲੀਆਂ ਹਨ, ਜਿਸ ਨੂੰ ਕੇਜਰੀਵਾਲ ਨੂੰ ਕਰਵਾਉਣਾ ਚਾਹੀਦਾ ਹੈ। ਜੀ. ਕੇ. ਨੇ ਕਿਹਾ ਕਿ ਸੁਖਬੀਰ ਨੇ ਸਿਰਸਾ ਨੂੰ ਕਿਹਾ ਹੈ ਕਿ ਕਿਸੇ ਹਾਲ 'ਚ ਦਿੱਲੀ ਕਮੇਟੀ ਦੀ ਚੋਣ ਕਾਨੂੰਨੀ ਚੱਕਰ 'ਚ ਫਸਾ ਕੇ 2022 ਤੱਕ ਲਟਕਾਓ ਤਾਂ ਕਿ ਜੇ ਪੰਜਾਬ 'ਚ ਸ਼੍ਰੋਅਦ ਦੀ ਸਰਕਾਰ ਬਣਦੀ ਹੈ ਤਾਂ ਦਿੱਲੀ 'ਚ ਪੂਰਾ ਸਹਿਯੋਗ ਕਰ ਕੇ ਮੁੜ ਸਿਰਸਾ ਨੂੰ ਪ੍ਰਧਾਨ ਬਣਾਵਾਂਗੇ ਪਰ ਜੀ. ਕੇ. ਦੇ ਮੁਤਾਬਕ ਅਜਿਹਾ ਉਹ ਹੋਣ ਨਹੀਂ ਦੇਣਗੇ ਅਤੇ ਜਨਵਰੀ ਤੋਂ ਮਾਰਚ 2021 ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।


author

shivani attri

Content Editor

Related News