ਫ਼ਿਲਮ ਦੀ ਟੀਮ ਨਾਲ ਮੁਲਾਕਾਤ ਤੋਂ ਬਾਅਦ ਮਨੀਸ਼ਾ ਗੁਲਾਟੀ ਦੇ ਭੁਲੇਖੇ ਹੋਏ ਦੂਰ, 'ਨੀ ਮੈਂ ਸੱਸ ਕੁੱਟਣੀ' ਹੋਵੇਗੀ ਰਿਲੀਜ਼

Monday, Apr 25, 2022 - 06:16 PM (IST)

ਚੰਡੀਗੜ੍ਹ : ਪਾਲੀਵੁੱਡ ਫ਼ਿਲਮ 'ਨੀ ਮੈਂ ਸੱਸ ਕੁੱਟਣੀ' ਦੀ ਰਿਲੀਜ਼ਿੰਗ ਨੂੰ ਲੈ ਕੇ ਜੋ ਵਿਵਾਦ ਖੜ੍ਹਾ ਹੋਇਆ ਸੀ, ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅੱਜ ਫ਼ਿਲਮ ਦੀ ਪੂਰੀ ਟੀਮ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਫ਼ਿਲਮ ਨੂੰ ਲੈ ਕੇ ਜੋ ਮੇਰੀਆਂ ਸ਼ੰਕਾਵਾਂ ਸਨ, ਉਨ੍ਹਾਂ ਨੂੰ ਦੂਰ ਕੀਤਾ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੰਜਾਬ ਦੇ ਸੱਭਿਆਚਾਰ 'ਚ ਬੋਲੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ ਪਰ ਬਦਲਦੇ ਸਮੇਂ ਕਾਰਨ ਨੌਜਵਾਨ ਪੀੜ੍ਹੀ ਪੰਜਾਬੀ ਸੱਭਿਆਚਾਰ ਤੋਂ ਦੂਰ ਹੋ ਰਹੀ ਹੈ। ਇਸ ਦੀ ਆੜ 'ਚ ਪੰਜਾਬੀ ਸੱਭਿਆਚਾਰ ਅਲੋਪ ਹੁੰਦਾ ਦਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਟਾਈਟਲ ਨੂੰ ਲੈ ਕੇ ਮੇਰੀਆਂ ਸ਼ੰਕਾਵਾਂ ਦੂਰ ਹੋ ਗਈਆਂ ਹਨ ਅਤੇ ਮੈਂ ਇਸ ਫ਼ਿਲਮ ਨੂੰ ਬਣਾਉਣ ਦੇ ਮਕਸਦ ਦਾ ਆਦਰ ਕਰਦੀ ਹਾਂ। ਪੰਜਾਬੀ ਸੱਭਿਆਚਾਰ 'ਚ ਇਸ ਤਰ੍ਹਾਂ ਦੀਆਂ ਫ਼ਿਲਮਾਂ ਹੋਣੀਆਂ ਚਾਹੀਦੀਆਂ ਹਨ, ਜੋ ਕਿ ਸਭ ਨੂੰ ਆਪਣੇ ਕਲਚਰ ਨਾਲ ਜੋੜੀ ਰੱਖਣ ਅਤੇ ਪਿਛੋਕੜ ਤੋਂ ਜਾਣੂ ਕਰਵਾਉਣ।

ਇਹ ਵੀ ਪੜ੍ਹੋ : ਕਮਰਸ਼ੀਅਲ ਪ੍ਰਾਪਰਟੀ ਟੈਕਸ ਭਰਨ 'ਚ ਹੋ ਰਹੀ ਭਾਰੀ ਗੜਬੜੀ, ਕਾਰੋਬਾਰੀ ਦੇ ਰਹੇ ਬਹੁਤ ਘੱਟ ਟੈਕਸ

PunjabKesari

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸ਼ਿਕਾਇਤਾਂ ਮਿਲਣ ਕਾਰਨ ਉਨ੍ਹਾਂ ਨੂੰ ਫ਼ਿਲਮ ਖ਼ਿਲਾਫ਼ ਨੋਟਿਸ ਜਾਰੀ ਕਰਨਾ ਪਿਆ ਸੀ ਪਰ ਟੀਮ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਫ਼ਿਲਮ ਕਾਸਟ ਦੇ ਰਾਹ 'ਚ ਰੋੜਾ ਬਣਨ ਦੀ ਇਹ ਕਿਸੇ ਦੀ ਸ਼ਰਾਰਤ ਸੀ। ਯੂ-ਟਿਊਬ ਤੋਂ ਵੀ ਫ਼ਿਲਮ ਦਾ ਟ੍ਰੇਲਰ ਹਟਾ ਦਿੱਤਾ ਗਿਆ ਹੈ, ਜੋ ਕਿ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸ਼ਰਾਰਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਮਹਿਲਾ ਕਮਿਸ਼ਨ ਦੇ ਨਾਂ ਹੇਠ ਇਹ ਹਰਕਤ ਕੀਤੀ ਜਾ ਰਹੀ ਹੈ ਤਾਂ ਇਸ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗਾ। ਯੂ-ਟਿਊਬ ਨੂੰ ਵੀ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ। ਇਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਸਭ ਨੂੰ ਫ਼ਿਲਮ ਦੇਖਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਕਿਸੇ ਨਿਰਦੇਸ਼ਕ ਨੇ ਪਹਿਲੀ ਵਾਰ ਅਜੋਕੇ ਸਮਾਜ ਦੀ ਸੱਚਾਈ ਦਿਖਾਈ ਹੈ, ਜਿਸ ਕਰਕੇ ਸਭ ਨੂੰ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸਾਲਾਨਾ ਫੰਡ ਦੇ ਵਿਰੋਧ 'ਚ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ

ਦੱਸਣਯੋਗ ਹੈ ਕਿ ਬੀਤੇ ਦਿਨੀਂ ਮਨੀਸ਼ਾ ਗੁਲਾਟੀ ਨੇ ਕੁਝ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ 'ਨੀ ਮੈਂ ਸੱਸ ਕੁੱਟਣੀ' ਫ਼ਿਲਮ ਦੇ ਟਾਈਟਲ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ ਅਤੇ ਫ਼ਿਲਮ ਰਾਹੀਂ ਨਿਰਦੇਸ਼ਕ ਕੀ ਸੁਨੇਹਾ ਦੇਣਾ ਚਾਹੁੰਦੇ ਹਨ, ਸਬੰਧੀ ਸਪੱਸ਼ਟੀਕਰਨ ਮੰਗਿਆ ਸੀ। ਨੋਟਿਸ ਜਾਰੀ ਹੋਣ ਮਗਰੋਂ ਫ਼ਿਲਮ ਦੀ ਟੀਮ ਨੇ ਆਪਣਾ ਪੱਖ ਰੱਖਿਆ ਸੀ। ਅੱਜ ਮਨੀਸ਼ਾ ਗੁਲਾਟੀ ਨੇ ਖ਼ੁਦ ਇਸ ਫ਼ਿਲਮ ਦਾ ਪ੍ਰੀਮੀਅਰ ਵੇਖਿਆ ਅਤੇ ਇਹ ਸਪੱਸ਼ਟੀਕਰਨ ਦਿੱਤਾ ਕਿ ਫ਼ਿਲਮ ਵਿੱਚ ਕੁਝ ਵੀ ਅਜਿਹਾ ਨਹੀਂ ਹੈ, ਜੋ ਪੰਜਾਬੀ ਸੱਭਿਆਚਾਰ ਦੇ ਖ਼ਿਲਾਫ਼ ਹੋਵੇ।


author

Anuradha

Content Editor

Related News