ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

07/25/2019 1:33:36 PM

ਜਲੰਧਰ (ਚੋਪੜਾ) : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ 'ਚ ਮੁਲਾਕਾਤ ਕੀਤੀ। ਅੱਧਾ ਘੰਟਾ ਚੱਲੀ ਇਸ ਬੈਠਕ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਪੰਜਾਬ ਨਾਲ ਸਬੰਧਤ ਕਈ ਮਾਮਲੇ ਉਠਾਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਨ੍ਹ੍ਹਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਐੱਨ. ਆਰ. ਆਈ. ਲਾੜਿਆਂ ਵੱਲੋਂ ਕੀਤੀ ਜਾ ਰਹੀ ਧੋਖਾਦੇਹੀ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਐੱਨ. ਆਰ. ਆਈ. ਲਾੜੇ ਦੇਸ਼ ਦੀਆਂ ਲੜਕੀਆਂ ਨੂੰ ਝਾਂਸਾ ਦੇ ਕੇ ਉਨ੍ਹਾਂ ਨਾਲ ਵਿਆਹ ਕਰ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹਨ।

ਉਨ੍ਹਾਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਬੰਧੀ ਕੋਈ ਅਜਿਹੀ ਨੀਤੀ ਬਣਾਈ ਜਾਵੇ ਕਿ ਕੋਈ ਵੀ ਐੱਨ. ਆਰ. ਆਈ. ਮਾਸੂਮਾਂ ਨਾਲ ਕੋਈ ਧੋਖਾ ਨਾ ਕਰ ਸਕੇ। ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਨੇ ਗਾਣਿਆਂ ਅਤੇ ਫਿਲਮਾਂ ਰਾਹੀਂ ਔਰਤਾਂ ਦੀ ਮਾਣ-ਮਰਿਆਦਾ ਨੂੰ ਭੰਗ ਕਰਨ ਦਾ ਮਾਮਲਾ ਵਿਚਾਰਦੇ ਹੋਏ ਮੰਗ ਕੀਤੀ ਕਿ ਹਰੇਕ ਸੂਬੇ ਦੇ ਗੀਤਾਂ ਲਈ ਫਿਲਮਾਂ ਦੀ ਤਰਜ 'ਤੇ ਇਕ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਜਾਵੇ ਅਤੇ ਇਸ 'ਚ ਮਹਿਲਾ ਕਮਿਸ਼ਨ ਦੀ ਪ੍ਰਤੀਨਿਧੀ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ। ਉਨ੍ਹਾਂ ਬੀਤੇ ਦਿਨੀਂ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਗਾਇਕ ਹਨੀ ਸਿੰਘ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਕੇਂਦਰ ਸਰਕਾਰ ਜਲਦ ਹੀ ਇਨ੍ਹਾਂ ਮਾਮਲਿਆਂ 'ਤੇ ਠੋਸ ਕਦਮ ਉਠਾਵੇਗੀ।


Anuradha

Content Editor

Related News