ਮਨੀਸ਼ ਤਿਵਾੜੀ ਨੇ ਬੰਗਾ-ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਲਈ ਮੋਦੀ ਨੂੰ ਲਿਖੀ ਚਿੱਠੀ
Tuesday, Sep 10, 2019 - 10:27 AM (IST)
ਜਲੰਧਰ (ਧਵਨ)— ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਕਾਂਗਰਸੀ ਮੈਂਬਰ ਮਨੀਸ਼ ਤਿਵਾੜੀ ਨੇ ਬੰਗਾ-ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਮਾਮਲੇ 'ਚ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਖੁਦ ਨੂੰ ਲਾਚਾਰ ਦੱਸਣ 'ਤੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਚੁੱਕਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ 'ਚ ਤਿਵਾੜੀ ਨੇ ਦੋ ਪਵਿੱਤਰ ਸਿੱਖ ਸਥਾਨਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੋੜਨ ਵਾਲੀ ਸੜਕ ਬਾਰੇ ਦੱਸਿਆ ਹੈ। ਇਹ ਸੜਕ ਅੱਗੇ ਪਵਿੱਤਰ ਸਥਾਨ ਮਾਤਾ ਵੈਸ਼ਨੋ ਦੇਵੀ ਨੂੰ ਜਾਂਦੀ ਹੈ।
ਸੰਸਦ ਮੈਂਬਰ ਤਿਵਾੜੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਡਕਰੀ ਨੇ ਫਰਵਰੀ 2019 'ਚ ਸੜਕ ਨੂੰ ਚਾਰ-ਮਾਰਗੀ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ। ਭਾਵੇਂ ਬਾਅਦ 'ਚ ਪਤਾ ਲੱਗਾ ਕਿ ਇਹ ਸੜਕ ਸਿਧਾਂਤਕ ਤੌਰ 'ਤੇ ਕੌਮੀ ਰਾਸ਼ਟਰੀ ਮਾਰਗ ਸੀ ਪਰ ਜਦੋਂ ਉਨ੍ਹਾਂ ਨੇ ਮੰਤਰੀ ਨਾਲ ਮੁੜ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਿਰਫ ਪ੍ਰਧਾਨ ਮੰਤਰੀ ਹੀ ਇਸ ਨੂੰ ਮਨਜ਼ੂਰੀ ਦੁਆ ਸਕਦੇ ਹਨ। ਤਿਵਾੜੀ ਨੇ ਪ੍ਰਧਾਨ ਮੰਤਰੀ ਤੋਂ ਸੜਕ ਬਣਾਉਣ ਲਈ ਹਦਾਇਤ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਦਾ ਫਰਵਰੀ ਮਹੀਨੇ 'ਚ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ, ਉਸ ਸੜਕ ਨੂੰ ਬਣਾਉਣ ਦੇ ਕੰਮ ਨੂੰ ਪੂਰਾ ਕਰਵਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮਨਾ ਰਹੀ ਹੈ ਅਤੇ ਵੱਡੀ ਪੱਧਰ 'ਤੇ ਇਸ ਦਾ ਆਯੋਜਨ ਕਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਹਿੱਤਾਂ ਨੂੰ ਦੇਖਦੇ ਹੋਏ ਇਸ ਸੜਕ ਦੀ ਉਸਾਰੀ ਦਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੋਂ ਪਹਿਲਾਂ ਮੁਕੰਮਲ ਹੋ ਜਾਣਾ ਚਾਹੀਦਾ ਹੈ। ਇਸ ਨਾਲ ਸਿੱਖ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਮਦਾਦ ਮਿਲੇਗੀ ।