ਤਿਵਾੜੀ ਦਾ ਸੁਖਬੀਰ ਨੂੰ ਸਵਾਲ, ਦਲਿਤ ਡਿਪਟੀ ਸੀ. ਐੱਮ. ਹੀ ਕਿਉਂ, ਸੀ. ਐੱਮ. ਕਿਉਂ ਨਹੀਂ ਬਣ ਸਕਦਾ?

Friday, Apr 16, 2021 - 03:38 PM (IST)

ਤਿਵਾੜੀ ਦਾ ਸੁਖਬੀਰ ਨੂੰ ਸਵਾਲ, ਦਲਿਤ ਡਿਪਟੀ ਸੀ. ਐੱਮ. ਹੀ ਕਿਉਂ, ਸੀ. ਐੱਮ. ਕਿਉਂ ਨਹੀਂ ਬਣ ਸਕਦਾ?

ਕੁਰਾਲੀ/ਜਲੰਧਰ (ਬਠਲਾ) : ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਛਾਣ ਦੀ ਸਿਆਸਤ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਾਬਕਾ ਡਿਪਟੀ ਮੁੱਖ ਮੰਤਰੀ ਵਲੋਂ ਦਿੱਤੇ ਗਏ ਇਕ ਬਿਆਨ ਕਿ ਜੇਕਰ ਅਕਾਲੀ ਦਲ 2022 ਵਿਚ ਸੱਤਾ ’ਚ ਆਉਂਦੀ ਹੈ ਤਾਂ ਉਹ ਇਕ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਉਣਗੇ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਐੱਮ. ਪੀ. ਤਿਵਾੜੀ ਨੇ ਸੁਖਬੀਰ ਨੂੰ ਸਵਾਲ ਪੁੱਛਿਆ ਹੈ ਕਿ ਕਿਉਂ ਦਲਿਤ ਨੂੰ ਸਿਰਫ਼ ਉਪ ਮੁੱਖ ਮੰਤਰੀ ਹੀ ਬਣਾਇਆ ਜਾ ਸਕਦਾ ਹੈ, ਉਹ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਜਾਂ ਫਿਰ ਕੀ ਟਾਪ ਪੁਜੀਸ਼ਨ ਕਿਸੇ ਲਈ ਪੱਕੇ ਤੌਰ ’ਤੇ ਤੈਅ ਹੈ?  ਤਿਵਾੜੀ ਨੇ ਕਿਹਾ ਕਿ ਜਦੋਂ ਪਛਾਣ ਦੀ ਸਿਆਸਤ ਦੀ ਗੱਲ ਚਲਾਈ ਜਾਂਦੀ ਹੈ ਤਾਂ ਸਪੱਸ਼ਟ ਤੌਰ ’ਤੇ ਲੋਕ ਪੁੱਛਣਗੇ ਕਿਉਂ ਇਕ ਹਿੰਦੂ ਮੁੱਖ ਮੰਤਰੀ ਨਹੀਂ ਬਣ ਸਕਦਾ ਹੈ ਜਾਂ ਫਿਰ ਓ. ਬੀ. ਸੀ. ਸਮੁਦਾਏ ਨਾਲ ਸਬੰਧਤ ਕੋਈ ਵਿਅਕਤੀ ਸੂਬੇ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?

ਇਹ ਵੀ ਪੜ੍ਹੋ :  ਕੋਵਿਡ ਨਿਗਰਾਨੀ ਲਈ ਪੰਜਾਬ ’ਚ ਬਣੇਗਾ ਵਿਸ਼ੇਸ਼ ਕੰਟਰੋਲ ਰੂਮ, ਮੁੱਖ ਮੰਤਰੀ ਨੇ ਦਿੱਤੇ ਹੁਕਮ

ਉਨ੍ਹਾਂ ਨੇ ਸੁਖਬੀਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਛਾਣ ਦੀ ਸਿਆਸਤ ਦੇਸ਼ ਤੇ ਸਾਡੀ ਸਭਿਅਤਾ ਲਈ ਸਮੱਸਿਆ ਬਣ ਚੁੱਕੀ ਹੈ ਅਤੇ ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਤਿੰਨ ਸ਼ਬਦਾਂ ’ਤੇ ਟਿੱਕੀ ਪੰਜਾਬ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਸਿੱਖ ਵਿਚਾਰਧਾਰਾ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ’ ਦਾ ਸੰਦੇਸ਼ ਦਿੱਤਾ ਸੀ। ਸਿੱਖ ਧਰਮ ਦੀ ਸਥਾਪਨਾ ਵੀ ਆਪਸੀ ਸਮਾਨਤਾ ਦੇ ਵਿਚਾਰਧਾਰਾ ਦੇ ਆਧਾਰ ’ਤੇ ਹੋਈ ਹੈ। ਐੱਮ. ਪੀ. ਤਿਵਾੜੀ ਨੇ ਕਿਹਾ ਕਿ ਸੂਬੇ ਦੀ ਟਾਪ ਪੁਜ਼ੀਸ਼ਨ ’ਤੇ ਕਿਸੇ ਵਿਅਕਤੀ ਨੂੰ ਹੋਣਾ ਚਾਹੀਦਾ ਹੈ, ਇਹ ਉਸ ਆਧਾਰ ’ਤੇ ਤੈਅ ਹੋਣਾ ਚਾਹੀਦਾ ਹੈ ਕਿ ਸੂਬਾ ਤਰੱਕੀ ਕਰੇ ਅਤੇ ਲੋਕਾਂ ਦੇ ਜੀਵਨ ਪੱਧਰ ’ਚ ਸੁਧਾਰ ਹੋਵੇ। ਉਹ ਸਮਾਜਿਕ ਨਿਆਂ ਤੇ ਪੂਰੀ ਤਰ੍ਹਾਂ ਨਾਲ ਭਰੋਸਾ ਰੱਖਦੇ ਹਨ, ਪਰ ਪ੍ਰਤੀਕਵਾਦ ਲਈ ਅਤੇ ਛੋਟੇ ਸਿਆਸੀ ਉਦੇਸ਼ਾਂ ਦੀ ਪੂਰਤੀ ਖ਼ਾਤਰ ਸਮਾਜਿਕ ਨਿਆਂ ਦੀ ਦੁਰਵਰਤੋਂ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਨ।

ਇਹ ਵੀ ਪੜ੍ਹੋ :  ਪੰਜਾਬ ’ਚ ਸੱਤਾ ਦਾ ਫ਼ੈਸਲਾ ਕਰਦੀ ਹੈ 32 ਫ਼ੀਸਦੀ ਦਲਿਤ ਆਬਾਦੀ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ 

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News