ਪਾਰਟੀ ਦੀ ਜਿੱਤ ਦਾ ਦਾਅਵਾ ਕਰਦਿਆਂ ਬੋਲੇ ''ਮਨੀਸ਼ ਤਿਵਾੜੀ'', ''ਪੰਜਾਬ ਕਾਂਗਰਸ ''ਚ ਹੁਣ ਕੋਈ ਕਲੇਸ਼ ਨਹੀਂ''
Saturday, Aug 07, 2021 - 04:52 PM (IST)
ਲੁਧਿਆਣਾ (ਨਰਿੰਦਰ) : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਸ਼ਨੀਵਾਰ ਨੂੰ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਉਨ੍ਹਾਂ ਸੰਸਦ ਵਿਚ ਚੱਲ ਰਹੇ ਮੁੱਖ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਵੱਲੋਂ ਫੋਨ ਟੈਪਿੰਗ ਦਾ ਮੁੱਦਾ ਚੁੱਕਿਆ ਗਿਆ ਸੀ, ਜਿਸ 'ਤੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦੇ ਨਿੱਜੀ ਫੋਨ ਦੀ ਗਲਤ ਵਰਤੋਂ ਕੀਤੀ ਗਈ, ਜਿਸ ਦਾ ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸਾਨੀ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਅਸੀਂ ਮੁੜ ਤੋਂ ਕਿਸਾਨੀ ਮੁੱਦੇ ਨਾਲ ਜੁੜੇ ਖੇਤੀ ਕਾਨੂੰਨ ਸਬੰਧੀ ਸੰਸਦ 'ਚ ਚਰਚਾ ਕਰਨ ਦੀ ਮੰਗ ਕੀਤੀ, ਜਿਸ ਨੂੰ ਸਰਕਾਰ ਨੇ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਬਦਨੌਰ ਨੂੰ ਗਿੱਦੜ ਭਬਕੀ, ਆਡੀਓ ਵਾਇਰਲ
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ 'ਚ ਆਕਸੀਜਨ ਦੀ ਕਮੀ ਬਾਰੇ ਵੀ ਮੁੱਦਾ ਚੁੱਕਿਆ ਗਿਆ ਪਰ ਇਸ 'ਤੇ ਵੀ ਸਰਕਾਰ ਚੁੱਪੀ ਧਾਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ 'ਤੇ ਵੀ ਵਿਚਾਰ-ਚਰਚਾ ਕਰਦਿਆਂ ਦੱਸਿਆ ਕਿ ਪੰਜਾਬ ਕਾਂਗਰਸ ਵਿੱਚ ਹੁਣ ਕੋਈ ਵੀ ਕਲੇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਹਾਈਕਮਾਨ ਅਤੇ ਪੰਜਾਬ ਸਰਕਾਰ ਆਪਸ ਵਿੱਚ ਤਾਲਮੇਲ ਬਣਾ ਕੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਸੀਨੀਅਰ ਆਗੂ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਅਦਬੀਆਂ ਦੇ ਮਾਮਲੇ 'ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਜੋ ਕੁੰਵਰ ਵਿਜੇ ਪ੍ਰਤਾਪ ਦੀ ਸੀ, ਉਨ੍ਹਾਂ ਨੇ ਪੂਰੀ ਨਹੀਂ ਕੀਤੀ, ਉਨ੍ਹਾਂ ਕਰਕੇ ਹੀ ਬੇਅਦਬੀ ਕੇਸਾਂ ਦੇ ਇਨਸਾਫ਼ ਵਿੱਚ ਦੇਰੀ ਹੋਈ ਹੈ।
ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਪੰਜਾਬ 'ਚ ਜਿੱਤ ਜ਼ਰੂਰ ਹਾਸਲ ਕਰੇਗੀ। ਇਸ ਦੌਰਾਨ ਰਵਨੀਤ ਬਿੱਟੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਚਾਲੇ ਹੋਈ ਬਹਿਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ 'ਤੇ ਰਵਨੀਤ ਬਿੱਟੂ ਹੀ ਬਿਹਤਰ ਜਵਾਬ ਦੇ ਸਕਦੇ ਹਨ। ਇਸ ਦੌਰਾਨ ਉਨ੍ਹਾਂ ਆਰਥਿਕਤਾ ਨੂੰ ਲੈ ਕੇ ਵੀ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਬੀਤੇ ਕੁੱਝ ਸਮੇਂ 'ਚ ਜ਼ਰੂਰ ਖ਼ਰਾਬ ਹੋਈ ਹੈ, ਜਿਸ ਦਾ ਵੱਡਾ ਕਾਰਨ ਲਗਾਤਾਰ ਪਾਕਿਸਤਾਨ ਪਾਸਿਓਂ ਭੇਜੇ ਜਾ ਰਹੇ ਹਥਿਆਰ ਆਦਿ ਅਤੇ ਕੋਰੋਨਾ ਮਹਾਮਾਰੀ ਹੈ। ਉਨ੍ਹਾਂ ਸਾਫ਼ ਕਿਹਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਦਾ ਐਲਾਨ, ਓਲੰਪਿਕ ਤਮਗਾ ਜੇਤੂਆਂ ਦੇ ਨਾਂ 'ਤੇ ਰੱਖੇ ਜਾਣਗੇ ਸਕੂਲਾਂ ਤੇ ਸੜਕਾਂ ਦੇ ਨਾਂ
ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ 'ਤੇ ਜਤਾਈ ਹੈਰਾਨੀ
ਮਨੀਸ਼ ਤਿਵਾੜੀ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਮੋਹਾਲੀ 'ਚ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਹੋਏ ਭਿਆਨਕ ਕਤਲ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮੋਹਾਲੀ ਦੇ ਐਸ. ਐਸ. ਪੀ. ਨੂੰ ਇਹ ਯਕੀਨੀ ਬਣਾਉਣ ਲਈ ਅਪੀਲ ਕੀਤੀ ਕਿ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਇਨਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੱਭਿਅਕ ਸਮਾਜ 'ਚ ਹਿੰਸਾ ਦੀ ਕੋਈ ਥਾਂ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ