ਲੋਕ ਅਧਿਕਾਰ ਲਹਿਰ ਵੱਲੋਂ ਪੰਜਾਬ 'ਚ 500 ਥਾਵਾਂ 'ਤੇ ਮਨੋਰਥ ਪੱਤਰ ਜਾਰੀ

Saturday, May 29, 2021 - 08:23 PM (IST)

ਲੋਕ ਅਧਿਕਾਰ ਲਹਿਰ ਵੱਲੋਂ ਪੰਜਾਬ 'ਚ 500 ਥਾਵਾਂ 'ਤੇ ਮਨੋਰਥ ਪੱਤਰ ਜਾਰੀ

ਚੰਡੀਗੜ੍ਹ (ਬਿਊਰੋ)- ਲੋਕ ਅਧਿਕਾਰ ਲਹਿਰ ਵੱਲੋਂ ਪੰਜਾਬ ਦੀ ਖੁਸ਼ਹਾਲੀ ਲਈ ਵਿੱਢੀ ਜਾਗਰੂਕਤਾ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਤਿੰਨ ਸਾਬਕਾ ਉੱਪ ਕੁਲਪਤੀਆਂ ਸਮੇਤ ਇੱਕ ਦਰਜਨ ਉੱਘੀਆਂ ਗੈਰ ਸਿਆਸੀ, ਅਕਾਦਮਿਕ, ਸਮਾਜਿਕ ਅਤੇ ਕਿਰਤੀ ਸ਼ਖ਼ਸੀਅਤਾਂ ਨੇ ‘ਲੋਕ ਅਧਿਕਾਰ ਲਹਿਰ’ ਵੱਲੋਂ ਪੇਸ਼ ਕੀਤੇ ਸਿਆਸੀ ਮਾਡਲ ਨੂੰ ਸਹਿਮਤੀ ਦੇ ਕੇ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਲੋਕ ਅਧਿਕਾਰ ਲਹਿਰ ਦੇ ਸਰਪ੍ਰਸਤ ਡਾ. ਕਿਰਪਾਲ ਸਿੰਘ ਔਲਖ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੈਂ ਪਿਛਲੇ 40 ਸਾਲਾਂ ਦੇ ਵੱਖਰੇ-ਵੱਖਰੇ ਰਾਜਨੀਤਿਕ ਦਲਾਂ ਨਾਲ ਨਿੱਜੀ ਤਜ਼ਰਬਿਆਂ ਵਿੱਚ ਦੇਖਿਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਲੋਕ ਹਿੱਤਾਂ ਪ੍ਰਤੀ ਸੁਹਿਰਦ ਨਹੀਂ ਹੈ। ਪੰਜਾਬ ਦੀ ਖੁਸ਼ਹਾਲੀ ਲਈ ਨਾ ਤਾ ਕਿਸੇ ਸਿਆਸੀ ਪਾਰਟੀ ਕੋਲ ਕੋਈ ਨਕਸ਼ਾ ਹੈ ਅਤੇ ਨਾ ਹੀ ਕੋਈ ਵਿਉਂਤਬੰਦੀ।

ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਭ੍ਰਿਸ਼ਟ ਸਿਆਸੀ ਢਾਂਚੇ ਨੇ ਜਿਸ ਹੱਦ ਤੱਕ ਪੰਜਾਬ ਦੇ ਕੁਦਰਤੀ ਅਤੇ ਮਨੁੱਖੀ ਵਸੀਲੇ ਬਰਬਾਦ ਕਰ ਦਿੱਤੇ ਹਨ, ਇਹ ਸ਼ਾਇਦ ਇੱਕ ਆਖਰੀ ਮੌਕਾ ਹੈ ਜਦੋਂ ਅਸੀਂ ਅਜੇ ਵੀ ਆਪਣੇ ਪੰਜਾਬ ਨੂੰ ਡੁੱਬਣ ਤੋਂ ਬਚਾਉਣ ਲਈ ਇੱਕ ਹੰਭਲਾ ਮਾਰ ਸਕਦੇ ਹਾਂ। ਪਰ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਉੱਚੇ-ਸੁੱਚੇ ਜੀਵਨ ਵਾਲੇ ਪੜ੍ਹੇ ਲਿਖੇ ਅਤੇ ਇਮਾਨਦਾਰ ਲੋਕਾਂ ਨੂੰ ਸਿਆਸੀ ਜ਼ੁੰਮੇਵਾਰੀਆਂ ਨਿਭਾਉਣ ਲਈ ਲਾਮਬੰਦ ਕਰਕੇ ‘ਪੂਰਨ ਲੋਕ ਰਾਜ-ਪੂਰਨ ਸੁਤੰਤਰਤਾ’ ਦੀ ਸਥਾਪਤੀ ਲਈ ਲੱਕ ਬੰਨ ਕੇ ਜੁਟ ਜਾਈਏ।  ਉਨ੍ਹਾਂ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਇਸ ਉਦੇਸ਼ ਦੀ ਪੂਰਤੀ ਲਈ ਲੋਕ ਅਧਿਕਾਰ ਲਹਿਰ ਨੇ ਬਲਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਜ਼ਮੀਨੀ ਪੱਧਰ 'ਤੇ ਵੱਡਾ ਕੰਮ ਕਰ ਲਿਆ ਹੈ।

ਜਾਗਦੀ ਜ਼ਮੀਰ ਵਾਲੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀਆਂ ਟੀਮਾਂ ਬਣਾ ਕੇ ਪੰਜਾਬ ਦੇ ਵਿੱਦਿਅਕ ਢਾਂਚੇ ਦੇ ਸੁਧਾਰ, ਪੰਚਾਇਤਾਂ ਅਤੇ ਨਗਰ ਨਿਗਮਾਂ ਵਿੱਚ ਸੁਧਾਰ, ਕਾਰਖਾਨਿਆਂ ਦੀ ਪ੍ਰਫੁੱਲਤਾ, ਨਾਗਰਿਕਾਂ ਲਈ ਰੁਜ਼ਗਾਰ, ਮਿਆਰੀ ਵਿੱਦਿਆ, ਸਿਹਤ ਸਹੂਲਤਾਂ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ, ਵਾਤਵਾਰਨ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਨਾਲ-ਨਾਲ ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿਉਂਤਬੰਦੀ ਅਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੈਂ ਸਾਰੀ ਉਮਰ ਕਿਸਾਨੀ ਦੀ ਸੇਵਾ ਕੀਤੀ ਹੈ, ਮੈਂ ਕਿਸਾਨੀ ਦੀਆਂ ਮੌਜੂਦਾ ਸਮੱਸਿਆਵਾਂ ਦੀ ਡੂੰਘਾਈ ਸੰਬੰਧੀ ਚੰਗੀ ਤਰ੍ਹਾਂ ਵਾਕਫ਼ ਹਾਂ ਅਤੇ ਅਸੀਂ ਇਨ੍ਹਾਂ ਸਮੱਸਿਆਵਾਂ ਦੇ ਸਦੀਵੀ ਹੱਲ ਲਈ ਪੱਕੇ ਪ੍ਰਬੰਧ ਕਰਾਂਗੇ ਅਤੇ ਅੰਨ ਦਾਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਾਡੀ ਪ੍ਰਾਥਮਿਕਤਾ ਹੋਵੇਗੀ।

ਲੋਕ ਅਧਿਕਾਰ ਲਹਿਰ ਦੇ ਸਕੱਤਰ ਸ. ਬਲਵਿੰਦਰ ਸਿੰਘ ਨੇ ਅੱਜ ਜਾਰੀ ਕੀਤੇ ਗਏ ਮਨੋਰਥ ਪੱਤਰ ਸੰਬੰਧੀ ਵਿਸਥਾਰਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਨੋਰਥ ਪੱਤਰ ਭੂਤਕਾਲ ਵਿੱਚ ਸਿਆਸੀ ਪਾਰਟੀਆਂ ਵੱਲੋਂ ਜਾਰੀ ਕੀਤੇ ਜਾਂਦੇ ਮੈਨੀਫੈਸਟੋ ਦੀ ਤਰ੍ਹਾਂ ਵੋਟਾਂ ਦੀ ਰਾਜਨਿਤੀ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮੇਰੇ ਸਮੇਤ ਲੋਕ ਅਧਿਕਾਰ ਲਹਿਰ ਦਾ ਕੋਈ ਵੀ ਅਹੁਦੇਦਾਰ ਰਾਜਸੱਤਾ ਪ੍ਰਾਪਤ ਕਰਨ ਦੀ ਲਾਲਸਾ ਨਹੀਂ ਰੱਖਦਾ ਅਤੇ ਨਾ ਹੀ ਵੋਟਾਂ ਲਈ ਉਮੀਦਵਾਰ ਹੋਵੇਗਾ।ਅਸੀਂ ਸਿਰਫ਼ ਲੋਕਾਂ ਨੂੰ ਉੱਚੇ-ਸੁੱਚੇ ਕਿਰਦਾਰ ਵਾਲੇ ਉਮੀਦਵਾਰ ਦੀ ਭਾਲ ਕਰਨ ਲਈ ਜਾਗਰੂਕ ਕਰਨ ਦੀ ਭੂਮਿਕਾ ਨਿਭਾ ਰਹੇ ਹਾਂ।

ਹਲਕਿਆਂ ਵਿੱਚ ਸਥਾਪਿਤ ਕੀਤੀਆਂ ਜਾਣ ਵਾਲੀਆਂ ਲੋਕ ਸਭਾਵਾਂ ਰਾਹੀਂ ਉਮੀਦਵਾਰਾਂ ਦੀ ਚੋਣ ਲੋਕ ਖੁਦ ਕਰਨਗੇ ਅਤੇ ਅਸੀਂ ਪੜ੍ਹੇ-ਲਿਖੇ, ਵਿਦਵਾਨ ਅਤੇ ਨਿਸ਼ਕਾਮ ਲੋਕ ਚੋਣਾਂ ਲੜ੍ਹਨ ਲਈ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਾਂਗੇ। ਚੋਣਾਂ ਲੜਨ ਲਈ ਨਾ ਹੀ ਉਮੀਦਵਾਰ ਪਾਸੋਂ ਕੋਈ ਖਰਚ ਕਰਵਾਇਆ ਜਾਵੇਗਾ ਅਤੇ ਨਾਂ ਹੀ ਉਮੀਦਵਾਰ ਨੂੰ ਲੋਕਾਂ ਪਾਸੋਂ ਚੋਣ ਫੰਡ ਇਕੱਤਰ ਕਰਨ ਦੀ ਆਗਿਆ ਹੋਵੇਗੀ। ਚੋਣਾਂ ਪ੍ਰਚਾਰ ਦਾ ਸਮੁੱਚਾ ਪ੍ਰਬੰਧ ਹਲਕਾ ਪ੍ਰਚਾਰ ਕਮੇਟੀਆਂ ਕਰਨਗੀਆਂ। ਉਮੀਦਵਾਰ ਦੀ ਯੋਗਤਾ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਚੁਣੇ ਜਾਣ ਵਾਲੇ ਇਹ ਉਮੀਦਵਾਰ ਸਰਕਾਰੀ ਖ਼ਜਾਨੇ ਵਿੱਚੋਂ ਕੋਈ ਤਨਖਾਹ ਨਹੀਂ ਲੈਣਗੇ ਅਤੇ ਭੱਤਿਆਂ ਦੀ ਵਰਤੋਂ ਵੀ ਸਿਰਫ਼ ਸਮਾਜ ਸੇਵਾ ਲਈ ਹੀ ਕਰਨਗੇ।ਹਰ ਉਮੀਦਵਾਰ ਨੂੰ ਭੱਤਿਆਂ ਦੀ ਅਦਾਇਗੀ ਤੋਂ ਪਹਿਲਾਂ ਹਲਕਾ ਕਮੇਟੀਆਂ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ ਅਤੇ ਲੋਕਾਂ ਵੱਲੋਂ ਸਰਕਾਰੀ ਖ਼ਜਾਨੇ ਦੀ ਹੋ ਰਹੀ ਲੁੱਟ-ਖਸੁੱਟ ਬੰਦ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕੇ ਮੌਜੂਦਾ ਸਿਆਸੀ ਆਗੂਆਂ ਵੱਲੋਂ ਲਈਆਂ ਜਾਂਦੀਆਂ 9-9 ਪੈਨਸ਼ਨਾਂ ਬੰਦ ਹੋਣਗੀਆਂ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਇੱਕ ਤੋਂ ਵੱਧ ਪੈਨਸ਼ਨ ਲੈਣ ਦੀ ਆਗਿਆ ਨਹੀਂ ਹੋਵੇਗੀ। ਚੋਣਾਂ ਲੜਨ ਵਾਲੇ ਉਮੀਦਵਾਰ ਆਪਣੇ-ਆਪਣੇ ਪਰਿਵਾਰ ਦੇ ਸਾਰੇ ਬੈਂਕ ਖਾਤਿਆਂ, ਪੂੰਜੀ ਨਿਵੇਸ਼, ਚੱਲ-ਅਚੱਲ ਜਾਇਦਾਦ ਦਾ ਪੂਰਾ ਵੇਰਵਾ ਜਨਤਕ ਕਰਨਗੇ ਅਤੇ ਹਰ ਸਾਲ ਇਸ ਵਿੱਚ ਵਾਧੇ ਘਾਟੇ ਦੀ ਜਾਣਕਾਰੀ ਲੋਕਾਂ ਦੀ ਕਚਹਿਰੀ ਵਿੱਚ ਰੱਖਣ ਲਈ ਬਚਨਬੱਧ ਹੋਣਗੇ।ਸਿਆਸਤ ਦੇ ਖੇਤਰ ਵਿੱਚ ਬਿਲਕੁਲ ਨਵੇਂ ਅਤੇ ਇਮਾਨਦਾਰ ਕਿਰਦਾਰ ਲਿਆਂਦੇ ਜਾਣਗੇ ਅਤੇ ਕਿਸੇ ਵੀ ਭ੍ਰਿਸ਼ਟ ਸਿਆਸੀ ਪਾਰਟੀ ਵਿੱਚ ਉਮੀਦਵਾਰ ਰਹਿ ਚੁੱਕੇ ਵਿਅਕਤੀ ਨੂੰ ਉਮੀਦਵਾਰ ਨਹੀਂ ਬਣਾਇਆ ਜਾਵੇਗਾ। ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ਵਾਲੇ ਵਿਅਕਤੀ ਕਿਸੇ ਵੀ ਸਮਾਜ ਵਿਰੋਧੀ ਗਤੀਵਿਧੀ, ਚੋਰ ਬਜ਼ਾਰੀ, ਧੱਕਾ ਸ਼ਾਹੀ, ਜ਼ੁਲਮ ਜਾਂ ਨਸ਼ੇ ਦੇ ਵਪਾਰ ਨਾਲ ਸੰਬੰਧਿਤ ਨਹੀਂ ਹੋਣਗੇ। ਇਸ ਮੁਹਿੰਮ ਦੀ ਸਫ਼ਲਤਾ ਲਈ ਵੋਟਰਾਂ ਨੂੰ ਲਾਮਬੰਦ ਕਰਨ ਲਈ ਮਨੋਰਥ ਪੱਤਰ ਵਿੱਚ ਪ੍ਰਣ ਪੱਤਰ ਵੀ ਪ੍ਰਕਾਸ਼ਿਤ ਕੀਤਾ ਗਿਆ ਅਤੇ ਵੋਟਰਾਂ ਨੂੰ ਲੋਕ ਅਧਿਕਾਰ ਲਹਿਰ ਦੇ ਫੇਸ ਬੁੱਕਪੇਜ ਤੇ ਜਾ ਕੇ ਵੀ ਇਸ ਪ੍ਰਣ ਪੱਤਰ ਨੂੰ ਭਰਨ ਦੀ ਅਪੀਲ ਕੀਤੀ ਗਈ।ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਅਧਿਕਾਰ ਲਹਿਰ ਦਾ ਜਥੇਬੰਦਕ ਢਾਂਚਾ ਉਸਾਰ ਲਿਆ ਗਿਆ ਹੈ ਅਤੇ ਅਸੀਂ ਸਤੰਬਰ 2021 ਤੱਕ ਪੰਜਾਬ ਦੇ ਹਰ ਪਿੰਡ/ਨਗਰ ਦੇ ਵੋਟਰਾਂ ਪਾਸੋਂ ਇਹ ਪ੍ਰਣ ਪੱਤਰ ਪ੍ਰਾਪਤ ਕਰ ਲਵਾਂਗੇ।

ਇਸ ਸਮੇਂ ਹਾਜਰ ਪਤਵੰਤਿਆਂ ਵਿੱਚ ਡਾ. ਮਨਜੀਤ ਸਿੰਘ ਕੰਗ, ਸਾਬਕਾ ਵਾਈਸ ਚਾਂਸਲਰ, ਪੀ ਏ ਯੂ, ਲੁਧਿਆਣਾ, ਡਾ. ਗੁਰਸ਼ਰਨ ਸਿੰਘ ਰੰਧਾਵਾ, ਸਾਬਕਾ ਵਾਈਸ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਸ. ਬਲਦੇਵ ਸਿੰਘ ਸਰਾਂ, ਸਾਬਕਾ ਚੇਅਰਮੈਨ, ਪੰਜਾਬ ਰਾਜ ਬਿਜਲੀ ਬੋਰਡ, ਡਾ. ਰਣਜੀਤ ਸਿੰਘ ਘੁੰਮਣ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਅਸੋਕ ਕੁਮਾਰ ਸ਼ਰਮਾ, ਸਾਬਕਾ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ, ਬੀਬੀ ਕਰੁਣਾ ਜੀਤ ਕੌਰ, ਸਾਬਕਾ ਡਿਪਟੀ ਜੱਜ ਅਟਾਰਨੀ ਜਨਰਲ, ਆਈ.ਟੀ.ਬੀ.ਪੀ. ਫੋਰਸ, ਸ. ਗੁਰਮੁਖ ਸਿੰਘ, ਜਨਰਲ ਸਕੱਤਰ, ਨਰੇਗਾ ਫ਼ਰੰਟ, ਸ. ਕੁਲਦੀਪ ਸਿੰਘ ਈਸਾਪੁਰੀ, ਪ੍ਰਧਾਨ, ਬਹੁਜਨ ਮੁਕਤੀ ਪਾਰਟੀ, ਸ. ਰੁਪਿੰਦਰਜੀਤ ਸਿੰਘ, ਮੀਤ ਪ੍ਰਧਾਨ, ਲੋਕ ਅਧਿਕਾਰ ਲਹਿਰ, ਸੁਰਿੰਦਰ ਟੋਨਾ, ਚੇਅਰਮੈਨ, ਪੰਜਾਬ ਮਿਊਂਸਪਲ ਵਰਕਰ ਫ਼ੈਡਰੇਸ਼ਨ, ਅਤੇ ਕਿਸਾਨੀ ਮੋਰਚੇ ਦੇ ਸ਼ਹੀਦ ਨਉਰੀਤ ਸਿੰਘ ਦੇ ਦਾਦਾ, ਬਾਪੂ ਹਰਦੀਪ ਸਿੰਘ ਜੀ ਡਿਬਡਿਬਾ ਉਚੇਚੇ ਤੌਰ ਤੇ ਸ਼ਾਮਲ ਸਨ।

 

 


author

Bharat Thapa

Content Editor

Related News