ਪੰਜਾਬ ''ਚ ਨਸ਼ਾ ਖਤਮ ਨਹੀਂ ਹੋਇਆ ਸਗੋਂ ਹੋਰ ਵਧਿਆ: ਦੂਲੋਂ
Tuesday, Mar 12, 2019 - 12:54 PM (IST)

ਮੰਡੀ ਗੋਬਿੰਦਗੜ੍ਹ (ਵੈੱਬ ਡੈਸਕ)—ਪੰਜਾਬ 'ਚ ਫੈਲੇ ਨਸ਼ਿਆਂ ਦੇ ਕਾਰੋਬਾਰ ਖਿਲਾਫ ਜਿੱਥੇ ਵਿਰੋਧੀ ਧਿਰ ਸਵਾਲ ਚੁੱਕ ਰਹੀ ਹੈ, ਉੱਥੇ ਕਾਂਗਰਸ ਦੇ ਆਪਣੇ ਲੀਡਰਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ 'ਚ ਨਸ਼ਾ ਖਤਮ ਨਹੀਂ ਹੋਇਆ ਸਗੋਂ ਹੋਰ ਵਧਿਆ ਹੈ। ਨਸ਼ਾ ਹੁਣ ਸ਼ਰੇਆਮ ਵਿਕ ਰਿਹਾ ਹੈ। ਸਰਕਾਰ ਰੋਜ਼ਾਨਾ ਛੋਟੀ ਮੱਛੀਆਂ ਨੂੰ ਫੜ੍ਹ ਕੇ ਆਪਣੀ ਪਿੱਠ ਥਪ-ਥਪਾ ਲੈਂਦੀ ਹੈ। ਜੋ ਨਸ਼ੇ ਦੇ ਵੱਡੇ ਸੌਦਾਗਰ ਹਨ ਉਨ੍ਹਾਂ ਤੱਕ ਤਾਂ ਅਜੇ ਤੱਕ ਸਰਕਾਰ ਦਾ ਹੱਥ ਵੀ ਨਹੀਂ ਪਹੁੰਚਿਆ। ਇਸ ਗੱਲ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਅੱਜ ਮੰਡੀ ਗੋਬਿੰਦਗੜ੍ਹ ਦੇ ਨੇੜੇ ਪਿੰਡ ਫਿਰੋਜ਼ਪੁਰ 'ਚ ਇਕ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜਸੀ ਪਾਰਟੀਆਂ 'ਚ ਦਲ ਬਦਲੀਆਂ 'ਤੇ ਟਿੱਪਣੀਆਂ ਕਰਦਿਆਂ ਦੂਲੋਂ ਨੇ ਕਿਹਾ ਕਿ ਮੈਂ ਬਚਪਨ ਤੋਂ ਇਕ ਹੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਪਰ ਜੋ ਮੌਕਾਪ੍ਰਸਤ ਲੋਕ ਹਨ ਉਹ ਜਿੱਥੇ ਵੀ ਫਾਇਦਾ ਮਿਲੇ ਉਧਰ ਨੂੰ ਹੀ ਭੱਜ ਜਾਂਦੇ ਹਨ। ਅਜਿਹੇ ਲੋਕਾਂ ਪ੍ਰਤੀ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਚੰਗੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ। ਕੈਪਟਨ ਸਰਕਾਰ ਦੇ ਵਾਅਦਿਆਂ 'ਤੇ ਸਵਾਲ ਚੁੱਕਦਿਆਂ ਦੂਲੋਂ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ, ਕਿਉਂਕਿ ਚੋਣਾਂ 'ਚ ਅਸੀਂ ਵੀ ਲੋਕ ਕੋਲ ਜਾਣਾ ਹੈ ਸਾਨੂੰ ਵੀ ਵਾਅਦਿਆਂ ਪ੍ਰਤੀ ਜਵਾਬ ਦੇਣਾ ਹੈ।