ਭਾਰਤ-ਚੀਨ ਦੀ ਝੜਪ 'ਚ ਪਟਿਆਲਾ ਜ਼ਿਲ੍ਹੇ ਦਾ ਮਨਦੀਪ ਸਿੰਘ ਹੋਇਆ ਸ਼ਹੀਦ

Wednesday, Jun 17, 2020 - 06:06 PM (IST)

ਭਾਰਤ-ਚੀਨ ਦੀ ਝੜਪ 'ਚ ਪਟਿਆਲਾ ਜ਼ਿਲ੍ਹੇ ਦਾ ਮਨਦੀਪ ਸਿੰਘ ਹੋਇਆ ਸ਼ਹੀਦ

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਅਤੇ ਭਾਰਤੀ ਫ਼ੌਜ ਦਾ ਜਵਾਨ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਉਨ੍ਹਾਂ ਬਹਾਦਰ ਸ਼ਹੀਦਾਂ 'ਚ ਸ਼ਾਮਲ ਹੈ, ਜਿਹੜੇ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿਖੇ ਗੁਆਂਢੀ ਮੁਲਕ ਚੀਨ ਦੀ ਫ਼ੌਜ ਨਾਲ ਹੋਈ ਮੁੱਠਭੇੜ 'ਚ ਸ਼ਹੀਦ ਹੋਏ ਹਨ। ਜਿਵੇਂ ਹੀ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤ ਦੀ ਖ਼ਬਰ ਪਿੰਡ ਸੀਲ ਪੁੱਜੀ, ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
PunjabKesari

ਸ਼ਹੀਦ ਦੀ 65 ਸਾਲਾ ਮਾਤਾ ਸ਼ਕੁੰਤਲਾ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਕਿਹਾ ਕਿ ਉਸ ਦਾ ਪੁੱਤਰ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸ ਦੇ ਬੁਢਾਪੇ ਦਾ ਸਹਾਰਾ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਿਆ ਹੈ। ਸ਼ਹੀਦ ਦੀ ਪਤਨੀ ਗੁਰਦੀਪ ਕੌਰ ਨੇ ਰੋਂਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਮਨਦੀਪ ਸਿੰਘ ਨਾਲ ਗੱਲ ਹੋਈ ਸੀ ਪਰ ਹੁਣ ਉੱਥੇ ਸੰਪਰਕ ਨਾ ਹੋਣ ਕਰ ਕੇ ਗੱਲ ਨਹੀਂ ਸੀ ਹੋ ਸਕੀ ਅਤੇ ਅੱਜ ਉਸ ਦੀ ਸ਼ਹਾਦਤ ਦੀ ਖ਼ਬਰ 'ਤੇ ਉਸ ਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ। ਜਦੋਂਕਿ ਸ਼ਹੀਦ ਦੇ ਦੋਵੇਂ ਬੱਚਿਆਂ 12 ਸਾਲਾ ਜੋਬਨਪ੍ਰੀਤ ਸਿੰਘ ਅਤੇ 15 ਸਾਲਾ ਮਹਿਕਪ੍ਰੀਤ ਕੌਰ ਦੀ ਰੋਂਦੇ ਹੋਏ ਆਵਾਜ ਵੀ ਨਹੀਂ ਸੀ ਨਿਕਲ ਰਹੀ।

ਇਸੇ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸਾਡੇ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਅਜਾਂਈਂ ਨਹੀਂ ਜਾਵੇਗੀ ਅਤੇ ਇਸ ਦੁੱਖ ਦੀ ਘੜੀ 'ਚ ਉਹ ਖ਼ੁਦ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਸਮੇਤ ਸਾਰਾ ਪੰਜਾਬ ਅਤੇ ਦੇਸ਼ ਸ਼ਹੀਦਾਂ ਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਸ਼ਹੀਦ ਦੇ ਪਰਿਵਾਰ ਨੂੰ ਧਰਵਾਸ ਦੇਣ ਪੁੱਜੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸ਼ਹੀਦ ਦੇ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੈ।


author

Shyna

Content Editor

Related News