ਮਨਦੀਪ ਕਤਲ ਕਾਂਡ ਦਾ ਪਰਦਾਫਾਸ਼, ਮੁੱਦਈ ਹੀ ਨਿਕਲਿਆ ਕਾਤਲ
Friday, Mar 30, 2018 - 08:21 AM (IST)

ਮਲੋਟ (ਜੁਨੇਜਾ) - ਸਿਟੀ ਪੁਲਸ ਮਲੋਟ ਨੇ ਹੋਲੀ ਵਾਲੇ ਦਿਨ ਘੁਮਿਆਰਾ ਖੇੜਾ ਵਿਖੇ ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ ਮੁਨਸ਼ੀ ਸਿੰਘ ਵਾਸੀ ਲੱਕੜਵਾਲਾ ਦੇ ਹੋਏ ਕਤਲ ਦੀ ਕਹਾਣੀ ਦਾ ਪਰਦਾਫਾਸ਼ ਕਰ ਕੇ ਸੱਚਾਈ ਸਾਹਮਣੇ ਲਿਆਂਦੀ ਹੈ, ਜਿਸ ਅਨੁਸਾਰ ਮੁੱਦਈ ਹੀ ਕਾਤਲ ਨਿਕਲਿਆ ਹੈ।
ਕੀ ਸੀ ਮਾਮਲਾ
2 ਮਾਰਚ, 2018 ਨੂੰ ਘੁਮਿਆਰਾ ਖੇੜਾ ਵਿਚ ਹੋਏ ਝਗੜੇ ਸਬੰਧੀ ਸੁਰਜੀਤ ਸਿੰਘ ਉਰਫ ਭੋਲਾ ਸਿੰਘ ਪੁੱਤਰ ਨੈਬ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਪਿੰਡ ਦੇ ਧੰਨਾ ਸਿੰਘ, ਰਾਜਾ ਸਿੰਘ, ਗੁਰਪ੍ਰੀਤ ਸਿੰਘ ਅਤੇ ਉਸ ਦੇ 10-11 ਸਾਥੀ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਜਾਨਲੇਵਾ ਹਮਲਾ ਕੀਤਾ। ਇਸ ਸਮੇਂ ਉਨ੍ਹਾਂ ਉਸ ਦੀ ਮਾਤਾ ਭਜਨ ਕੌਰ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਦੋਸਤ ਮਨਦੀਪ ਸਿੰਘ ਦਾ ਕਤਲ ਕਰ ਦਿੱਤਾ। ਪੁਲਸ ਨੇ ਸੁਰਜੀਤ ਸਿੰਘ ਉਰਫ਼ ਭੋਲਾ ਸਿੰਘ ਦੇ ਬਿਆਨਾਂ 'ਤੇ ਧੰਨਾ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਗਵਾਹ ਬਣਨ ਦਾ ਡਰ ਅਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਲੈ ਬੈਠਾ ਮਨਦੀਪ ਦੀ ਜਾਨ
ਇਸ ਮਾਮਲੇ ਸਬੰਧੀ ਐੱਸ. ਪੀ. ਇਕਬਾਲ ਸਿੰਘ, ਐੱਸ. ਐੱਚ. ਓ. ਬੂਟਾ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਪੁੱਛਗਿੱਛ ਦੇ ਆਧਾਰ 'ਤੇ ਮਾਮਲੇ ਦੀ ਜੋ ਸੱਚਾਈ ਸਾਹਮਣੇ ਲਿਆਂਦੀ, ਉਹ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੀ। ਇਸ ਅਨੁਸਾਰ ਸੁਰਜੀਤ ਸਿੰਘ ਉਰਫ ਭੋਲਾ ਸਿੰਘ ਦਾ ਧੰਨਾ ਸਿੰਘ ਨਾਲ ਪੈਸਿਆਂ ਸਬੰਧੀ ਬਹਿਸ ਹੋਈ ਅਤੇ ਸੁਰਜੀਤ ਭੋਲਾ ਨੇ ਮਨਦੀਪ ਦੀ ਹਾਜ਼ਰੀ ਵਿਚ ਇਕ ਰੇਹੜੀ ਵਾਲੇ ਕੋਲ ਧੰਨਾ ਸਿੰਘ ਅਤੇ ਰਾਜਾ ਸਿੰਘ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਤੇ ਆਪਣੀ ਕਿਰਚ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਗੁਰਦੁਆਰਾ ਜੀਵਨ ਸਿੰਘ ਕੋਲ ਦੁਬਾਰਾ ਬਹਿਸ ਹੋਈ ਤਾਂ ਭੋਲਾ ਨੇ ਰਾਜਾ ਸਿੰਘ ਪੁੱਤਰ ਗੁਰਜੰਟ ਸਿੰਘ 'ਤੇ ਕਿਰਚ ਨਾਲ ਹਮਲਾ ਵਾਰ ਕਰ ਦਿੱਤਾ, ਜਿਸ 'ਤੇ ਭੋਲੇ ਦੀ ਮਾਂ ਅਤੇ ਮ੍ਰਿਤਕ ਮਨਦੀਪ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ 'ਚ ਰਾਜਾ ਸਿੰਘ ਨੇ ਆਪਣੇ 'ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਸਾਥੀ ਜੱਸਾ ਸਿੰਘ, ਗੁਰਪ੍ਰੀਤ ਸਿੰਘ ਆਦਿ ਨਾਲ ਹਮਮਸ਼ਵਰਾ ਹੋ ਕੇ ਸੁਰਜੀਤ ਭੋਲਾ ਦੇ ਘਰ ਜਾ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਭੋਲਾ ਅਤੇ ਮ੍ਰਿਤਕ ਮਨਦੀਪ ਅੰਦਰ ਲੁੱਕ ਕੇ ਕੁੰਡੀ ਲਾ ਲਈ ਪਰ ਹਮਲਾਵਰਾਂ ਨੇ ਦਰਵਾਜ਼ਾ ਤੋੜ ਕੇ ਭੋਲਾ ਤੇ ਉਸ ਦੀ ਮਾਤਾ ਭਜਨ ਕੌਰ ਅਤੇ ਮਨਦੀਪ ਨੂੰ ਸੱਟਾਂ ਮਾਰੀਆਂ ਅਤੇ ਮਨਦੀਪ ਬੇਹੋਸ਼ ਹੋ ਗਿਆ। ਭਜਨ ਕੌਰ ਦੇ ਰੌਲਾ ਪਾਉਣ 'ਤੇ ਹਮਲਾਵਰ ਭੱਜ ਗਏ ਪਰ ਸੁਰਜੀਤ ਸਿੰਘ ਭੋਲਾ ਨੇ ਆਪਣੇ ਕੋਲ ਰੱਖੀ ਕਿਰਚ ਨਾਲ ਬੇਹੋਸ਼ ਪਏ ਮਨਦੀਪ ਨੂੰ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆਂ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਭੋਲਾ ਅਤੇ ਉਸ ਦੀ ਮਾਂ ਦੇ ਮਨਦੀਪ ਨੂੰ ਕਤਲ ਕਰਨ ਦੀ ਨੀਅਤ ਨਾਲ ਇਕ ਤੀਰ ਨਾਲ ਤਿੰਨ ਨਿਸ਼ਾਨੇ ਲਾਉਣੇ ਸੀ। ਇਕ ਤਾਂ ਪਹਿਲਾਂ ਭੋਲਾ ਨੇ ਇਸ ਕਿਰਚ ਨਾਲ ਰਾਜਾ ਸਿੰਘ ਨੂੰ ਗੰਭੀਰ ਜ਼ਖਮੀ ਕੀਤਾ ਸੀ, ਜਿਸ ਦਾ ਖੂਨ ਬਹੁਤ ਵਹਿ ਗਿਆ ਸੀ, ਜਿਸ ਕਾਰਨ ਭੋਲਾ ਨੂੰ ਡਰ ਸੀ ਕਿ ਰਾਜਾ ਸਿੰਘ ਦੀ ਮੌਤ ਹੋ ਗਈ ਤਾਂ ਮਨਦੀਪ ਇਕਲੌਤਾ ਗਵਾਹ ਬਣ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਭੋਲਾ ਨੂੰ ਇਹ ਭਿਣਕ ਲੱਗ ਗਈ ਸੀ ਕਿ ਮਨਦੀਪ ਦੇ ਉਸ ਦੇ ਭਰਾ ਵਿੱਕੀ ਦੀ ਪਤਨੀ ਕਮਲਜੀਤ ਨਾਲ ਨਾਜਾਇਜ਼ ਸਬੰਧ ਹਨ, ਇਸ ਕਰ ਕੇ ਭੋਲਾ ਦੀ ਮਾਂ ਨੇ ਆਪਣੀ ਨੂੰਹ ਦੇ ਸਬੰਧਾਂ ਦੇ ਗੁੱਸੇ ਕਰ ਕੇ ਕਿਰਚ ਨਾਲ ਮਨਦੀਪ ਨੂੰ ਜਾਨੋਂ ਮਾਰਨ ਲਈ ਸੱਟਾਂ ਮਾਰੀਆਂ, ਜਿਸ 'ਤੇ ਉਸ ਦੀ ਮੌਤ ਹੋ ਗਈ। ਉੱਧਰ, ਭੋਲਾ ਆਪਣੇ ਲੱਗੀਆਂ ਸੱਟਾਂ ਦੀ ਆੜ 'ਚ ਮਲੋਟ ਹਸਪਤਾਲ ਵਿਚ ਦਾਖਲ ਹੋ ਗਿਆ ਅਤੇ ਵਿਰੋਧੀ ਧਿਰ ਨੂੰ ਫਸਾਉਣ ਲਈ ਇਹ ਚਾਲ ਚੱਲੀ। ਪੁਲਸ ਨੇ ਮਾਮਲੇ ਵਿਚ ਦੋਸ਼ਣ ਭਜਨ ਕੌਰ ਨੂੰ ਗ੍ਰਿਫਤਾਰ ਕਰ ਕੇ ਕਿਰਚ ਬਰਾਮਦ ਕਰ ਲਈ ਹੈ ਅਤੇ ਦੂਜੀ ਧਿਰ ਦੇ ਜੱਸਾ ਸਿੰਘ, ਰਾਜਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਵਿਚ ਪੁਲਸ ਦੇ ਕਾਬੂ ਆਈ ਭਜਨ ਕੌਰ ਨੇ ਸਾਰੇ ਦੋਸ਼ਾਂ ਨੂੰ ਕਬੂਲ ਕਰਦਿਆਂ ਕਿਹਾ ਕਿ ਉਹ ਆਪਣੀ ਗਲਤੀ ਦੀ ਸਜ਼ਾ ਭੁਗਤੇਗੀ।