ਅੰਮ੍ਰਿਤਸਰ ''ਚ ਕਤਲ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਮਨਦੀਪ ਮੰਨਾ ਨੇ ਪੁਲਸ ਪ੍ਰਸ਼ਾਸਨ ''ਤੇ ਚੁੱਕੇ ਸਵਾਲ

Sunday, Jun 12, 2022 - 10:26 PM (IST)

ਅੰਮ੍ਰਿਤਸਰ : ਅੰਮ੍ਰਿਤਸਰ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਹੋ ਰਹੇ ਕਤਲਾਂ ਨੂੰ ਲੈ ਕੇ ਅੰਮ੍ਰਿਤਸਰ ਪੂਰਬੀ ਦੇ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਮੰਨਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 3 ਕਤਲ ਹੋਏ। ਉਨ੍ਹਾਂ ਕਿਹਾ ਕਿ ਛੇਹਰਟਾ ਕੋਲ ਇਕ ਵਿਅਕਤੀ ਆਪਣੀਆਂ ਬੇਟੀਆਂ ਤੇ ਪਤਨੀ ਨਾਲ ਗੁਰਦੁਆਰਾ ਸਾਹਿਬ ਜਾ ਰਿਹਾ ਸੀ, ਨੂੰ ਮਾਰ ਦਿੱਤਾ ਗਿਆ ਤੇ ਇਕ ਔਰਤ ਦਾ ਉਸ ਦੇ ਘਰ 'ਚ ਵੜ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਕ ਕਤਲ 100 ਫੁੱਟੀ ਰੋਡ 'ਤੇ ਦੁਕਾਨ ਦੇ ਝਗੜੇ ਕਾਰਨ ਹੁੰਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਸੁਪਾਰੀ ਦੇ ਕਰਵਾਇਆ ਦੁਬਈ ਤੋਂ ਪਰਤੇ ਪਤੀ ਦਾ ਕਤਲ, ਪਤਨੀ ਸਣੇ 3 ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਪਹਿਲੀਆਂ 2 ਵਾਰਦਾਤਾਂ ਅਚਨਚੇਤ ਕਹੀਆਂ ਜਾ ਸਕਦੀਆਂ ਹਨ ਪਰ ਕੱਲ੍ਹ ਜਿਹੜਾ ਕਤਲ 100 ਫੁੱਟੀ ਰੋਡ 'ਤੇ ਗੋਲੀਆਂ ਚਲਾ ਕੇ ਕੀਤਾ ਗਿਆ, ਇਹ ਸਿੱਧੇ ਤੌਰ 'ਤੇ ਪੁਲਸ ਦੀ ਅਣਗਹਿਲੀ ਕਾਰਨ ਹੋਇਆ। ਮੰਨਾ ਨੇ ਕਿਹਾ ਕਿ ਇਹ ਕਤਲ ਇਲਾਕੇ ਦੇ ਐੱਸ.ਐੱਚ.ਓ. ਨੇ ਕਰਵਾਇਆ ਹੈ। ਮਰਨ ਵਾਲਾ ਵਿਅਕਤੀ ਕਈ ਮਹੀਨਿਆਂ ਤੋਂ ਥਾਣੇ ਜਾ ਕੇ ਸ਼ਿਕਾਇਤਾਂ ਕਰ ਰਿਹਾ ਸੀ ਕਿ ਮੇਰਾ ਇਨ੍ਹਾਂ ਲੋਕਾਂ ਝਗੜਾ ਚੱਲ ਰਿਹਾ ਹੈ ਤੇ ਮੈਨੂੰ ਇਹ ਲੋਕ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਕੱਲ੍ਹ ਵੀ ਜਦੋਂ ਇਹ ਝਗੜਾ ਹੋਇਆ ਤਾਂ ਕਈ ਵਾਰ ਫੋਨ ਕਰਨ ਦੇ ਬਾਵਜੂਦ ਐੱਸ.ਐੱਚ.ਓ. ਮੌਕੇ 'ਤੇ ਨਹੀਂ ਆਇਆ। ਮੌਕੇ 'ਤੇ ਪੀ.ਸੀ.ਆਰ. ਦੇ 6 ਮੁਲਾਜ਼ਮ ਸਨ ਪਰ ਮੁਲਜ਼ਮ ਉਨ੍ਹਾਂ ਦੀ ਦੇਖ-ਰੇਖ ਵਿੱਚ ਪ੍ਰਤਾਪ ਸਿੰਘ ਰਾਜਾ ਨਾਂ ਦੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਗਏ। ਜੇਕਰ ਪੁਲਸ ਮੁਲਾਜ਼ਮ ਪਹਿਲਾਂ ਹੀ ਕਾਤਲਾਂ ਨੂੰ ਫੜ ਲੈਂਦੇ ਤਾਂ ਇਹ ਕਤਲ ਨਹੀਂ ਸੀ ਹੋਣਾ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਉਨ੍ਹਾਂ ਕਿਹਾ ਕਿ ਪੁਲਸ ਆਪਣੀ ਗਲਤੀ ਮੰਨਣ ਦੀ ਬਜਾਏ ਆਪਣੀ ਹੀ ਪਿੱਠ ਥਾਪੜ ਰਹੀ ਹੈ ਕਿ ਅਸੀਂ ਬੰਦਾ ਫੜ ਲਿਆ। ਮੰਨਾ ਨੇ ਸੀ.ਐੱਮ. ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਵਾਰ ਕਿਹਾ ਸੀ ਕਿ ਜੇ ਕਿਸੇ ਇਲਾਕੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਉਥੋਂ ਦਾ ਐੱਸ.ਐੱਚ.ਓ. ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਐੱਸ.ਐੱਚ.ਓ. ਫੋਨ ਕਰਨ ਦੇ ਬਾਵਜੂਦ ਮੌਕੇ 'ਤੇ ਨਹੀਂ ਆਇਆ, ਉਸ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਜਿਹੜੀ ਪੁਲਸ ਮੌਕੇ 'ਤੇ ਹਥਿਆਰ ਹੀ ਨਹੀਂ ਵਰਤ ਸਕਦੀ, ਉਸ ਦਾ ਫਾਇਦਾ ਕੀ ਹੈ। ਮੰਨਾ ਨੇ ਕਿਹਾ ਕਿ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਤੇ ਲੋਕਾਂ ਦੇ ਮਨਾਂ 'ਚੋਂ ਇਹ ਭੁਲੇਖਾ ਕੱਢਣਾ ਚਾਹੀਦਾ ਹੈ ਕਿ ਸਾਹਮਣੇ ਕਤਲ ਹੋ ਰਿਹਾ ਹੋਵੇ ਤਾਂ ਪੁਲਸ ਵਾਲਾ ਗੋਲੀ ਚਲਾ ਸਕਦਾ ਹੈ ਜਾਂ ਨਹੀਂ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News