8.49 ਕਰੋੜ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’ ਗ੍ਰਿਫ਼ਤਾਰ

Saturday, Jun 17, 2023 - 06:35 PM (IST)

8.49 ਕਰੋੜ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’ ਗ੍ਰਿਫ਼ਤਾਰ

ਲੁਧਿਆਣਾ : ਲੁਧਿਆਣਾ ਵਿਚ ਸੀ. ਐੱਮ. ਐੱਸ. ਕੰਪਨੀ ਵਿਚ 8.49 ਕਰੋੜ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਟਨਾ ਦੀ ਮਾਸਟਰ ਮਾਈਂਡ ਮਨਦੀਪ ਕੌਰ ਉਰਫ ਡਾਕੂ ਹਸੀਨਾ ਨੂੰ ਆਖਿਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਖੁਦ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਉੱਤਰਾਖੰਡ ਤੋਂ ਭਗੌੜੀ ਮਨਦੀਪ ਕੌਰ ਉਰਫ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਸੀ. ਐੱਮ. ਐੱਸ. ਕੈਸ਼ ਰੋਬਰੀ ਕੇਸ ਨੂੰ ਹੱਲ ਕਰ ਲਿਆ ਹੈ। 

ਇਹ ਵੀ ਪੜ੍ਹੋ : ਸੂਬੇ ਦੇ ਪਿੰਡਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਪੰਜਾਬ ਪੁਲਸ ਨੇ ਕੀਤਾ ਸੀ ਚੈਲੰਜ

ਇਸ ਤੋਂ ਪਹਿਲਾਂ ਪੰਜਾਬ ਪੁਲਸ ਨੇ ਉਸ ਨੂੰ ਖੁੱਲ੍ਹਾ ਚੈਲੰਜ ਕੀਤਾ ਸੀ। ਲੁਧਿਆਣਾ ਪੁਲਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਸੀ ਕਿ ਮਨਦੀਪ ਕੌਰ ਉਰਫ ਮੋਨਾ ਅਤੇ ਜਸਵਿੰਦਰ ਸਿੰਘ ਤੁਸੀਂ ਜਿੰਨਾ ਤੇਜ਼ ਭੱਜ ਸਕਦੇ ਹੋ ਭੱਜ ਲਵੋ ਪਰ ਤੁਸੀਂ ਬਚ ਨਹੀਂ ਸਕਦੇ। ਤੁਹਾਨੂੰ ਜਲਦੀ ਹੀ ਪਿੰਜਰੇ ਵਿਚ ਪਾਇਆ ਜਾਵੇਗਾ। ਦੱਸਣਯੋਗ ਹੈ ਕਿ ਮਨਦੀਪ ਕੌਰ ਉਰਫ ਮੋਨਾ ਨੇ ਕੰਪਨੀ ਦੇ ਕਰਮਚਾਰੀ ਮਨਜਿੰਦਰ ਮਨੀ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਕੀਤੀ ਸੀ। ਜਿਸ ਵਿਚ ਮਨਦੀਪ ਦਾ ਪਤੀ ਜਸਵਿੰਦਰ ਸਿੰਘ ਅਤੇ ਭਰਾ ਵੀ ਸ਼ਾਮਲ ਸੀ। 

ਇਹ ਵੀ ਪੜ੍ਹੋ : ਸਾਲ ਪਹਿਲਾਂ ਹੋਈ ਕੁੜਮਾਈ ਤੋਂ ਮੰਗੇਤਰ ਨੇ ਪੈਰ ਖਿੱਚੇ ਪਛਾਂਹ, ਕੁੜੀ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਮਾਸਟਰ ਮਾਈਂਡ ਮਨਦੀਪ ਕੌਰ ਦੀਆਂ ਤਸਵੀਰਾਂ ਹੋਈਆਂ ਸੀ ਵਾਇਰਲ

ਇਸ ਸਨਸਨੀਖੇਜ਼ ਲੁੱਟ ਦੀ ਵਾਰਦਾਤ ਦੀ ਮਾਸਟਰ ਮਾਈਂਡ ਦੱਸੀ ਜਾ ਰਹੀ ਮਨਦੀਪ ਕੌਰ ਉਰਫ ਡਾਕੂ ਹਸੀਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਬਰਨਾਲਾ 'ਚ ਵਿਆਹੀ ਹੈ। ਕੇਸ 'ਚ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ। ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ 'ਚ ਸ਼ਾਮਲ ਪਾਇਆ ਗਿਆ ਹੈ ਅਤੇ ਪੁਲਸ ਨੇ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਖ਼ਿਲਾਫ਼ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈ। ਲੁੱਟ ਤੋਂ ਬਾਅਦ ਦੀ ਇੰਸਟਾਗ੍ਰਾਮ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ 500 ਦੇ ਨੋਟਾਂ ਨੂੰ ਹੱਥ ਵਿਚ ਫੜ ਕੇ ਇਕ ਨੌਜਵਾਨ ਰੀਲ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਡਾਕੂ ਹਸੀਨਾ ਦਾ ਭਰਾ ਬਣਾ ਰਿਹਾ ਸੀ। ਜਿਸ ਦਾ ਨਾਂ ਹਰਪ੍ਰੀਤ ਸਿੰਘ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ 2 ਬੈਗਾਂ ’ਚ 3-3 ਕਰੋੜ ਰੁਪਏ ਲੈ ਕੇ ਫਰਾਰ ਹੋਏ ਸਨ। 

ਇਹ ਵੀ ਪੜ੍ਹੋ : ਗਿਆਨੀ ਰਘਬੀਰ ਸਿੰਘ ਨੂੰ ਥਾਪਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਜਥੇਦਾਰ

ਪੁਲਸ ਨੇ ਕੀਤੇ ਸੀ ਵੱਡੇ ਖ਼ੁਲਾਸੇ

ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਸੀ ਕਿ ਕੰਪਨੀ ਨੇ ਪਹਿਲਾਂ 7 ਕਰੋੜ ਦੀ ਲੁੱਟ ਦੀ ਗੱਲ ਕਹੀ ਅਤੇ ਬਾਅਦ 'ਚ ਇਸ ਨੂੰ 8.49 ਕਰੋੜ ਰੁਪਏ ਦੀ ਲੁੱਟ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਇਕ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸ ਦੇ 9 ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਬਰਨਾਲਾ 'ਚ ਵਿਆਹੀ ਹੈ। ਕੇਸ 'ਚ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ। ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ 'ਚ ਸ਼ਾਮਲ ਪਾਇਆ ਗਿਆ ਹੈ ਅਤੇ ਪੁਲਸ ਨੇ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਦੇ ਖ਼ਿਲਾਫ਼ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈ। ਮਨੀ ਸੀ. ਐੱਮ. ਐਸ. ਕੰਪਨੀ 'ਚ 4 ਸਾਲਾਂ ਤੋਂ ਕੰਮ ਕਰ ਰਿਹਾ ਸੀ। ਇਨ੍ਹਾਂ ਦੋਹਾਂ ਵਿਚਕਾਰ ਕਿਸੇ ਤਰ੍ਹਾਂ ਨਾਲ ਦੋਸਤੀ ਹੋ ਗਈ ਤਾਂ ਦੋਹਾਂ ਨੇ ਇਸ ਲੁੱਟ ਦੀ ਵਾਰਦਾਤ ਦਾ ਸਾਰਾ ਪਲਾਨ ਬਣਾਇਆ। ਲੁੱਟ ਲਈ ਮੁਲਜ਼ਮਾਂ ਨੇ 2 ਮਡਿਊਲ ਬਣਾਏ। ਇਸ ਦੇ ਮੁਤਾਬਕ ਮਨੀ ਬਾਈਕ 'ਤੇ, ਜਦੋਂ ਕਿ ਮਨਦੀਪ ਕੌਰ ਗੱਡੀ 'ਚ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਦੱਸੀ ਰਕਮ ਅਤੇ ਲੁਟੇਰਿਆਂ ਦੇ ਬਿਆਨਾਂ 'ਚ ਫ਼ਰਕ ਹੈ। ਕੰਪਨੀ ਵੱਲੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਵਾਰਦਾਤ ਵਾਪਰੀ। ਜੇਕਰ ਬਿਜਲੀ ਚਲੀ ਜਾਂਦੀ ਸੀ ਤਾਂ ਮੁਲਾਜ਼ਮ ਆਪਣਾ ਕਾਰਡ ਪੰਚ ਨਹੀਂ ਕਰ ਸਕਦੇ ਹਨ। ਇਸ ਸਭ ਦਾ ਮਨੀ ਨੂੰ ਪਤਾ ਸੀ ਕਿ ਕੰਪਨੀ 'ਚ ਕਿਹੋ ਜਿਹਾ ਸਿਸਟਮ ਹੈ। ਇਸ ਲਈ ਉਹ ਬਿਨਾਂ ਹਥਿਆਰਾਂ ਦੇ ਸੱਬਲਾਂ, ਕੱਟਰ ਆਦਿ ਲੈ ਕੇ ਪਿਛਲੇ ਪਾਸਿਓਂ ਕੰਪਨੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਦੱਸਿਆ ਕਿ 11 ਕਰੋੜ, 70 ਹਜ਼ਾਰ ਰੁਪਏ ਦੀ ਰਕਮ ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਲਿਖ ਕੇ ਦਿੱਤੀ ਸੀ। ਫਿਰ ਇਹ ਕਿਹਾ ਗਿਆ ਕਿ 4 ਕਰੋੜ, 45 ਲੱਖ ਰੁਪਿਆ ਕੰਪਨੀ 'ਚ ਪਿਆ ਹੈ ਅਤੇ ਇਸ ਮੁਤਾਬਕ ਲੁੱਟ ਸਿਰਫ 6 ਕਰੋੜ, 32 ਲੱਖ ਦੀ ਹੋਈ ਹੈ, ਜਦੋਂ ਕਿ ਕੰਪਨੀ ਨੇ ਇਹ ਰਕਮ 8 ਕਰੋੜ 49 ਲੱਖ ਦੱਸੀ ਹੈ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਛਬੀਲ ’ਚ ਹੋਈ ਬਹਿਸ ਤੋਂ ਬਾਅਦ ਬੇਰਹਿਮੀ ਨਾਲ ਨਿਹੰਗ ਸਿੰਘ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News