ਮਨਾਪੁਰਮ ਫਾਇਨਾਂਸ ''ਚ ਹੋਈ ਲੁੱਟ ਦੇ ਮਾਮਲੇ ''ਚ ਜਲੰਧਰ ਪੁਲਸ ਵੱਲੋਂ ਇਕ ਮੁਲਜ਼ਮ ਗ੍ਰਿਫ਼ਤਾਰ

Wednesday, Aug 11, 2021 - 03:06 PM (IST)

ਮਨਾਪੁਰਮ ਫਾਇਨਾਂਸ ''ਚ ਹੋਈ ਲੁੱਟ ਦੇ ਮਾਮਲੇ ''ਚ ਜਲੰਧਰ ਪੁਲਸ ਵੱਲੋਂ ਇਕ ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਮਹੇਸ਼)- ਕਮਿਸ਼ਨਰੇਟ ਪੁਲਸ ਵੱਲੋਂ ਅਰਬਨ ਅਸਟੇਟ ਵਿਖੇ ਮਨਾਪੁਰਮ ਫਾਇਨਾਂਸ ਵਿੱਚ ਹੋਈ ਸਨਸਨੀਖੇਜ਼ ਲੁੱਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿੱਥੇ 24 ਜੁਲਾਈ ਨੂੰ ਵੱਡੀ ਮਾਤਰਾ ਵਿੱਚ ਸੋਨਾ ਅਤੇ 2.34 ਲੱਖ ਰੁਪਏ ਲੁੱਟ ਲਏ ਗਏ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਨੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਬਿਲਗਾਮ ਦੇ ਰਹਿਣ ਵਾਲੇ ਪ੍ਰਸ਼ਾਂਤ ਕੁਮਾਰ ਵਾਸੀ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋਕਿ ਆਪਣੇ ਚਚੇਰੇ ਭਰਾ ਦੀਪਕ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ ਸੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਜਾਅਲੀ ਨੰਬਰ ਪਲੇਟ ਵਾਲੀ ਇਕ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ ਹੈ। ਭੁੱਲਰ ਨੇ ਕਿਹਾ ਕਿ ਪੁਲਸ ਵੱਲੋਂ ਲੁੱਟ ਵਿੱਚ ਸ਼ਾਮਲ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਬਿਹਾਰ ਪੁਲਸ ਨਾਲ ਨਜ਼ਦੀਕੀ ਸੰਪਰਕ ਵਿੱਚ ਹੈ। ਮੁੱਢਲੀ ਜਾਂਚ ਵਿੱਚ ਪ੍ਰਸ਼ਾਂਤ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿੱਚ ਰਾਜ ਮਿਸਤਰੀ ਅਤੇ ਫਲੋਰ ਟਾਇਲਾਂ ਫਿਟਿੰਗ ਦਾ ਕੰਮ ਕਰਦਾ ਸੀ, ਜਿੱਥੇ ਉਹ ਡੇਢ ਸਾਲ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ। ਪੁਲਸ ਕਮਿਸ਼ਨਰ ਨੇ ਕਿਹਾ ਕਿ ਦੀਪਕ ਆਪਣੇ ਸਾਥੀਆਂ ਨਾਲ ਤਿੰਨ ਬਾਈਕਾਂ ਅਤੇ ਇਕ ਕਾਰ ਲੈ ਕੇ 15 ਜੁਲਾਈ 2021 ਨੂੰ ਪ੍ਰਸ਼ਾਂਤ ਪਾਸ ਪਹੁੰਚਿਆ ਅਤੇ ਪ੍ਰਸ਼ਾਂਤ ਨੇ ਉਨ੍ਹਾਂ ਲਈ ਕਿਰਾਏ ਦੇ ਮਕਾਨ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਇਨ੍ਹਾਂ ਲੁੱਟ ਦੀ ਸਾਜ਼ਿਸ਼ ਰਚੀ ਅਤੇ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਸੋਨੀਆ ਗਾਂਧੀ ਨੇ ਕੈਬਨਿਟ ਫੇਰਬਦਲ ਨੂੰ ਲੈ ਕੇ ਕੈਪਟਨ ਨੂੰ ਦਿੱਤੀ ਹਰੀ ਝੰਡੀ, ਛੇਤੀ ਹੋ ਸਕਦੈ ਐਲਾਨ

ਭੁੱਲਰ ਨੇ ਦੱਸਿਆ ਕਿ ਇਹ ਸਾਰੇ 24 ਜੁਲਾਈ ਨੂੰ ਦੁਪਹਿਰ 3 ਵਜੇ ਦੇ ਕਰੀਬ ਮਨਾਪੁਰਮ ਫਾਇਨਾਂਸ ਦੀ ਬ੍ਰਾਂਚ ਵਿੱਚ ਗਏ, ਜਿੱਥੇ ਇਨ੍ਹਾਂ ਸਮੁੱਚੇ ਸਟਾਫ਼ ਨੂੰ ਬੰਦੂਕ ਦੀ ਨੋਕ 'ਤੇ ਲੈ ਕੇ ਉਨ੍ਹਾਂ ਨੂੰ ਸੇਫ਼ ਰੂਮ ਵਿੱਚ ਧੱਕ ਦਿੱਤਾ। ਇਸ ਤੋਂ ਬਾਅਦ ਇਹ ਵੱਡੀ ਮਾਤਰਾ ਵਿੱਚ ਸੋਨਾ ਅਤੇ 2.34 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਲੁੱਟ ਦੀ ਸਾਰੇ ਪਹਿਲੂਆਂ ਤੋਂ ਤਕਨੀਕੀ ਤੌਰ 'ਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮੁਲਜ਼ਮ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਤਕਨੀਕੀ ਅਤੇ ਹੋਰ ਖ਼ੁਫ਼ੀਆ ਜਾਣਕਾਰੀ ਰਾਹੀਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਅਤੇ ਅਖੀਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਜਵਾਲਾ ਸਿੰਘ ਨਗਰ ਪਹੁੰਚੀ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਵਿੱਚ ਮੁਲਜ਼ਮਾਂ ਦੇ ਇਕ ਹੋਰ ਠਿਕਾਣੇ ਦਾ ਵੀ ਪਤਾ ਲਗਾਇਆ ਗਿਆ ਹੈ, ਜਿੱਥੇ ਮੁਲਜ਼ਮ ਲੁੱਟ ਤੋਂ ਬਾਅਦ ਕੁਝ ਸਮੇਂ ਲਈ ਠਹਿਰੇ ਸਨ, ਇਮਾਰਤ ਪਿੰਡ ਫਤਿਹਪੁਰ ਦੇ ਵਸਨੀਕ ਅਮਰਜੀਤ ਸਿੰਘ ਦੀ ਹੈ।

ਇਹ ਵੀ ਪੜ੍ਹੋ: ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ

ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਪਾਰਟੀਆਂ ਵੱਲੋਂ ਕਿਰਾਏ ਦੇ ਮਕਾਨ ਦੇ ਸੁਰਾਗਾਂ ਦਾ ਪਤਾ ਲਗਾਇਆ ਗਿਆ, ਜਿੱਥੇ ਸਾਰੇ ਮੁਲਜ਼ਮ 15 ਜੁਲਾਈ, 2021 ਨੂੰ ਸੁਲਤਾਨਪੁਰ ਲੋਧੀ ਵਿੱਚ ਠਹਿਰੇ ਸਨ, ਜਿਸ ਕਾਰਨ ਜਾਂਚ ਪ੍ਰਸ਼ਾਂਤ ਕੁਮਾਰ ਵੱਲ ਮੁੜੀ, ਜਿਸ ਵੱਲੋਂ ਮੁਲਜ਼ਮਾਂ ਲਈ ਉਕਤ ਕਮਰੇ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੁੱਟ ਤੋਂ ਬਾਅਦ ਪ੍ਰਸ਼ਾਂਤ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੱਛਮੀ ਦਿੱਲੀ ਦੇ ਰਘਬੀਰ ਨਗਰ ਤੋਂ ਕਾਬੂ ਕੀਤਾ ਗਿਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਲੁੱਟੇ ਹੋਏ ਸੋਨੇ ਨੂੰ ਬਾਜ਼ਾਰ ਵਿੱਚ ਵੇਚਣ ਤੋਂ ਬਾਅਦ ਪ੍ਰਸ਼ਾਂਤ ਨੂੰ ਆਪਣਾ ਹਿੱਸਾ ਮਿਲਣਾ ਸੀ, ਹਾਲਾਂਕਿ ਮਨਾਪੁਰਮ ਫਾਇਨਾਂਸ ਬ੍ਰਾਂਚ ਵਿਚੋਂ ਲੁੱਟੇ 2.34 ਲੱਖ ਰੁਪਏ ਵਿੱਚੋਂ 50,000 ਰੁਪਏ ਉਸ ਨੇ ਹਿੱਸੇ ਵਜੋਂ ਪ੍ਰਾਪਤ ਕਰ ਲਏ ਸਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਸ ਟੀਮਾਂ ਵੱਲੋਂ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਇੰਚਾਰਜ ਹਰਮਿੰਦਰ ਸਿੰਘ ਸਮੇਤ ਇਸ ਵਾਰਦਾਤ ਨੂੰ ਸੁਲਝਾਉਣ ਲਈ ਨਿਯੁਕਤ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਦੇ ਟੀਮ ਵਰਕ ਦੀ ਸ਼ਲਾਘਾ ਕੀਤੀ, ਜਿਨ੍ਹਾਂ ਇਸ ਕੇਸ ਨੂੰ ਸੁਲਝਾਉਣ ਲਈ ਅਦਭੁਤ ਪੇਸ਼ੇਵਰ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News