ਚਾਹ ਦੀ ਰੇਹੜੀ ਲਾਉਣ ਵਾਲੇ ਨੇ ਖੁਦ ਨੂੰ ਲਾਈ ਅੱਗ, ਪਤੀ ਦੀਆਂ ਚੀਕਾਂ ਸੁਣ ਪਤਨੀ ਦੇ ਉੱਡੇ ਹੋਸ਼
Thursday, Aug 27, 2020 - 05:30 PM (IST)
ਨਕੋਦਰ (ਰਜਨੀਸ਼)— ਸ਼ੰਕਰ ਰੋਡ ਬਾਈਪਾਸ ਨੇੜੇ ਚਾਹ ਦੀ ਰੇਹੜੀ ਲਾਉਣ ਵਾਲੇ ਇਕ ਨੌਜਵਾਨ ਨੇ ਗੁਆਂਢ ਦੇ ਲੋਕਾਂ ਵੱਲੋਂ ਰੇਹੜੀ ਲਗਾਉਣ ਤੋਂ ਰੋਕੇ ਜਾਣ ਅਤੇ ਗਾਲੀ-ਗਲੋਚ ਕੀਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਬੀਤੇ ਦਿਨ ਘਰ ਦੇ ਬਾਹਰ ਖੁਦ ਨੂੰ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੰਭੀਰ ਹਾਲਤ 'ਚ ਨੌਜਵਾਨ ਨੂੰ ਸਿਵਲ ਹਸਪਤਾਲ ਨਕੋਦਰ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਨੌਜਵਾਨ ਦੀ ਅੱਗ ਲੱਗਣ ਤੋਂ ਬਾਅਦ ਬਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨ 'ਚ ਰਮਨਦੀਪ ਕੌਰ ਪਤਨੀ ਮਨਦੀਪ ਕੁਮਾਰ ਉਰਫ਼ ਸੋਨੂੰ ਮੁਹੱਲਾ ਰਵਿਦਾਸਪੁਰਾ ਨਕੋਦਰ ਨੇ ਦੱਸਿਆ ਕਿ ਉਸ ਦਾ 13 ਸਾਲ ਪਹਿਲਾਂ ਮਨਦੀਪ ਕੁਮਾਰ ਨਾਲ ਵਿਆਹ ਹੋਇਆ ਸੀ, ਉਨ੍ਹਾਂ ਦੇ ਤਿੰਨ ਬੱਚੇ ਹਨ। ਉਸ ਦਾ ਪਤੀ ਸ਼ੰਕਰ ਰੋਡ ਬਾਈਪਾਸ 'ਤੇ ਬਿਜਲੀ ਘਰ ਦੇ ਗੇਟ ਨੇੜੇ ਚਾਹ ਦੀ ਰੇਹੜੀ ਲਾਉਂਦਾ ਸੀ। ਉਹ ਵੀ ਆਪਣੇ ਪਤੀ ਨਾਲ ਰੇਹੜੀ 'ਤੇ ਚਾਹ ਬਣਾਉਣ ਦਾ ਕੰਮ ਕਰਦੀ ਸੀ।
25 ਅਗਸਤ ਨੂੰ ਉਹ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਕੰਮ ਨਿਪਟਾ ਕੇ ਸਾਮਾਨ ਸੰਭਾਲ ਰਹੇ ਸੀ ਕਿ ਮੁਲਜ਼ਮ ਮਹਿੰਦਰ ਸਿੰਘ ਉਰਫ ਸੋਮਾ ਪੁੱਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਨਿਊ ਆਦਰਸ਼ ਨਗਰ ਨਕੋਦਰ ਕਥਿਤ ਤੌਰ 'ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗ ਗਿਆ। ਉਸ ਦੇ ਪਤੀ ਨੇ ਪੁੱਛਿਆ ਕਿ ਉਹ ਗਾਲੀ-ਗਲੋਚ ਕਿਉਂ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਹਿੰਦਰ ਸਿੰਘ ਆਦਿ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਰੇਹੜੀ ਹਟਾਉਣ ਲਈ ਕਹਿ ਚੁੱਕੇ ਸਨ। ਇਸ ਤੋਂ ਬਾਅਦ ਰਵਿੰਦਰਜੀਤ ਸਿੰਘ ਉਰਫ ਰੂਬੀ ਪੁੱਤਰ ਅਮਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਰਵਿੰਦਰਜੀਤ ਸਿੰਘ ਵਾਸੀ ਨਿਊ ਆਦਰਸ਼ ਨਗਰ ਨਕੋਦਰ ਵੀ ਕਥਿਤ ਤੌਰ 'ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਏ। ਇਸ ਤੋਂ ਬਾਅਦ ਉਹ ਦੋਵੇਂ ਡਰ ਕੇ ਘਰ ਚਲੇ ਗਏ। ਉਸ ਦੇ ਪਤੀ ਨੂੰ ਚੱਕਰ ਆਉਣ ਲੱਗ ਗਏ। ਪ੍ਰੇਸ਼ਾਨੀ ਕਾਰਣ ਉਸ ਦਾ ਪਤੀ ਸਾਰੀ ਰਾਤ ਸੌਂ ਨਹੀਂ ਸਕਿਆ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਬੀਤੇ ਦਿਨ ਸਵੇਰੇ ਘਰ ਦੇ ਬਾਹਰ ਉਸ ਦੇ ਪਤੀ ਦੀਆਂ ਚੀਕਾਂ ਸੁਣਾਈ ਦੇਣ ਲੱਗੀਆਂ। ਉਸ ਨੇ ਬਾਹਰ ਜਾ ਕੇ ਵਖਿਆ ਤਾਂ ਉਸਦੇ ਪਤੀ ਨੇ ਖੁਦ ਨੂੰ ਅੱਗ ਲਾਈ ਹੋਈ ਸੀ, ਜਿਸ ਦੀ ਗੰਭੀਰ ਹਾਲਤ ਹੋਣ ਕਾਰਣ ਜਲੰਧਰ ਦੇ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਕਤ ਮੁਲਜ਼ਮਾਂ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਾਈ ਹੈ। ਪੁਲਸ ਨੇ ਬਿਆਨ ਦੇ ਆਧਾਰ 'ਤੇ ਮੁਲਜ਼ਮਾਂ ਮਹਿੰਦਰ ਸਿੰਘ, ਰਵਿੰਦਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਮੁਹੱਲਾ ਨਿਊ ਆਦਰਸ਼ ਨਗਰ ਨਕੋਦਰ ਖ਼ਿਲਾਫ਼ ਧਾਰਾ 306, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।