ਜਲੰਧਰ: ਅਮਰੀਕਾ ਭੇਜਣ ਦੀ ਬਜਾਏ ਭੇਜਿਆ ਮਾਸਕੋ, ਦੁਖੀ ਹੋ ਕੇ ਨੌਜਵਾਨ ਨੇ ਲਿਆ ਫਾਹਾ
Thursday, Jun 21, 2018 - 06:53 PM (IST)
ਜਲੰਧਰ (ਰਮਨ)— ਇਥੋਂ ਦੇ ਦਾਨਿਸ਼ਮੰਦਾ 'ਚ ਪੈਂਦੇ ਰਸੀਲਾ ਨਗਰ ਦੇ ਰਹਿਣ ਵਾਲੇ ਇਕ 30 ਸਾਲਾ ਰਾਜਨ ਸਿੰਘ ਪੁੱਤਰ ਜਰਨੈਲ ਸਿੰਘ ਨੇ ਟਰੈਵਲ ਏਜੰਟ ਤੋਂ ਦੁਖੀ ਹੋ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਨੰ. 5 ਦੀ ਪੁਲਸ ਅਨੁਸਾਰ ਮ੍ਰਿਤਕ ਦੇ ਭਰਾ ਮਲਕੀਅਤ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਏਜੰਟ ਮਨਜੀਤ ਸਿੰਘ ਵਾਸੀ ਘਾਹ ਮੰਡੀ ਨੇ ਉਨ੍ਹਾਂ ਕੋਲੋਂ ਵਿਦੇਸ਼ ਭੇਜਣ ਦੇ ਨਾਂ 'ਤੇ 13 ਲੱਖ 40 ਹਜ਼ਾਰ ਰੁਪਏ ਲਏ ਸਨ ਪਰ ਅਮਰੀਕਾ ਨਹੀਂ ਭੇਜਿਆ। 3 ਮਹੀਨੇ ਮਾਸਕੋ ਘੁਮਾ ਕੇ ਵਾਪਸ ਭੇਜ ਦਿੱਤਾ। ਇਥੋਂ ਉਸ ਨੇ ਭਾਰਤ ਵਾਪਸ ਆਉਣ ਲਈ ਪੈਸੇ ਪਰਿਵਾਰ ਵਾਲਿਆਂ ਤੋਂ ਮੰਗਵਾ ਕੇ ਟਿਕਟ ਰੇਂਜ ਕੀਤੀ ਅਤੇ ਫਿਰ ਘਰ ਪਹੁੰਚਿਆ।
ਉਸ ਦੇ ਭਰਾ ਨੇ ਅੱਗੇ ਦੱਸਿਆ ਕਿ ਮਾਸਕੋ ਤੋਂ ਆਏ ਅਜੇ ਉਸ ਨੂੰ 3 ਦਿਨ ਹੀ ਹੋਏ ਸਨ। ਮਲਕੀਅਤ ਬੜਾ ਪਰੇਸ਼ਾਨ ਸੀ। ਇਕ ਦਿਨ ਪਹਿਲਾਂ ਹੀ ਏਜੰਟ ਨਾਲ ਉਹ ਗੱਲ ਕਰਨ ਗਿਆ ਸੀ ਪਰ ਏਜੰਟ ਉਸ ਨੂੰ ਟਾਲ-ਮਟੋਲ ਕਰਦਾ ਰਿਹਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਏਜੰਟ ਤੋਂ ਦੁਖੀ ਹੋ ਕੇ ਰਾਜਨ ਨੇ ਬੀਤੀ ਸ਼ਾਮ 4.30 ਵਜੇ ਪੱਖੇ ਨਾਲ ਫਾਹ ਲੈ ਕੇ ਜੀਵਨਲੀਲਾ ਖਤਮ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰ. 5 ਦੀ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਟਰੈਵਲ ਏਜੰਟ ਮਨਜੀਤ ਸਿੰਘ ਵਾਸੀ ਘਾਹ ਮੰਡੀ ਖਿਲਾਫ ਕੇਸ ਦਰਜ ਕਰ ਦਿੱਤਾ ਹੈ। ਪੁਲਸ ਅਨੁਸਾਰ ਟਰੈਵਲ ਏਜੰਟ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਰਾਜਨ ਦੀ ਨਕੋਦਰ ਚੌਕ ਦੇ ਕੋਲ ਪੱਗੜੀ ਹਾਊਸ ਦੇ ਨਾਂ ਦੀ ਦੁਕਾਨ ਸੀ। ਕੁਝ ਦਿਨ ਪਹਿਲਾਂ ਹੀ ਉਸ ਦਾ ਏਜੰਟ ਨਾਲ ਮੇਲ ਹੋਇਆ ਸੀ ਅਤੇ ਉਸ ਨੇ ਉਸ ਨੂੰ ਅਮਰੀਕਾ ਭੇਜਣ ਲਈ 15 ਲੱਖ ਮੰਗੇ ਸਨ। ਰਾਜਨ ਨੇ ਉਸ ਨੂੰ ਐਡਵਾਂਸ 'ਚ 13 ਲੱਖ 40 ਹਜ਼ਾਰ ਦਿੱਤੇ ਸਨ ਅਤੇ ਦੋ ਲੱਖ ਅਜੇ ਰਹਿੰਦੇ ਸਨ।
