ਜਲੰਧਰ: ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੱਸੀਆਂ ਨਾਲ ਬੰਨ੍ਹੀ ਮਿਲੀ ਲਾਸ਼

Monday, Feb 10, 2020 - 06:23 PM (IST)

ਜਲੰਧਰ: ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੱਸੀਆਂ ਨਾਲ ਬੰਨ੍ਹੀ ਮਿਲੀ ਲਾਸ਼

ਜਲੰਧਰ (ਵਰੁਣ, ਸੋਨੂੰ)— ਇਥੋਂ ਦੇ ਕੂਲ ਰੋਡ ਨੇੜੇ ਪੈਂਦੇ ਸੁਭਾਨਾ ਫਾਟਕ ਕੋਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਗੰਦੇ ਨਾਲੇ ਦੇ ਕੋਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਲੋਕਾਂ ਨੇ ਗੰਦੇ ਨਾਲੇ ਦੇ ਬਾਹਰ ਪਈ ਲਾਸ਼ ਨੂੰ ਦੇਖ ਕੇ ਤੁਰੰਤ ਮੌਕੇ 'ਤੇ ਥਾਣਾ ਨੰਬਰ-7 ਦੀ ਪੁਲਸ ਨੂੰ ਸੂਚਨਾ ਦਿੱਤੀ।

PunjabKesari

ਮਿਲੀ ਜਾਣਕਾਰੀ ਮੁਤਾਬਕ ਗੰਦੇ ਨਾਲੇ 'ਚ ਕੂੜਾ ਸੁੱਟਣ ਆਏ ਮੀਟ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨੇ ਕੰਬਲ 'ਚ ਲਿਪਟੀ ਲਾਸ਼ ਦੇ ਪੈਰ ਦੇਖੇ ਤਾਂ ਰੌਲਾ ਪਾ ਦਿੱਤਾ। ਆਂਢ-ਗੁਆਂਢ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਨੰਬਰ-8 ਦੀ ਪੁਲਸ ਨੇ ਕੰਬਲ ਹਟਾ ਕੇ ਦੇਖਿਆ ਤਾਂ ਉਸ 'ਚ ਖੂਨ ਨਾਲ ਲਥਪਥ ਲਾਸ਼ ਸੀ, ਜਿਸ ਦੇ ਹੱਥ-ਪੈਰ ਪਲਾਸਟਿਕ ਦੀਆਂ ਰੱਸੀਆਂ ਨਾਲ ਬੰਨ੍ਹੇ ਹੋਏ ਸਨ।

ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-2 ਪਰਮਿੰਦਰ ਸਿੰਘ ਭੰਡਾਲ, ਏ. ਸੀ. ਪੀ. ਇਨਵੈਸਟੀਗੇਸ਼ਨ ਕੰਵਲਜੀਤ ਸਿੰਘ, ਏ. ਸੀ. ਪੀ. ਸਕਿਓਰਿਟੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਮ੍ਰਿਤਕ 'ਤੇ ਹਤਿਆਰਿਆਂ ਨੇ ਦਰਿੰਦਗੀ ਨਾਲ ਤੇਜ਼ਧਾਰ ਹਥਿਆਰਾਂ ਨਾਲ 8 ਤੋਂ ਜ਼ਿਆਦਾ ਵਾਰ ਕੀਤੇ ਸਨ। ਸਰੀਰ 'ਤੇ ਮਿਲੇ ਜ਼ਖਮ ਕਾਫੀ ਗਹਿਰੇ ਸਨ। ਪੁਲਸ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਇਕੱਠੇ ਕਰਕੇ ਮ੍ਰਿਤਕ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕੋਲੋਂ ਵੀ ਪਛਾਣ ਨਹੀਂ ਹੋਈ। ਮ੍ਰਿਤਕ ਦੀ ਉਮਰ 40-45 ਸਾਲ ਤੱਕ ਦੀ ਹੈ।

ਫਾਰੈਂਸਿਕ ਵਿਭਾਗ ਦੀ ਟੀਮ ਨੂੰ ਮ੍ਰਿਤਕ ਦੇ ਸਰੀਰ ਤੋਂ ਕੁਝ ਫਿੰਗਰ ਪ੍ਰਿੰਟ ਮਿਲੇ ਹਨ। ਪੁਲਸ ਦੀ ਮੰਨੀਏ ਤਾਂ ਮ੍ਰਿਤਕ ਦਾ ਮਰਡਰ ਕਿਸੇ ਹੋਰ ਥਾਂ ਹੋਇਆ ਹੈ ਅਤੇ ਦੇਰ ਰਾਤ ਲਾਸ਼ ਨੂੰ ਗੰਦੇ ਨਾਲੇ ਵਿਚ ਸੁੱਟ ਦਿੱਤਾ ਪਰ ਉਹ ਵਹਿ ਨਹੀਂ ਸਕੀ। ਮ੍ਰਿਤਕ ਦੇ ਕੱਪੜਿਆਂ ਵਿਚੋਂ ਕੋਈ ਪਛਾਣ ਪੱਤਰ ਨਹੀਂ ਮਿਲ ਸਕਿਆ ਹੈ। ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਰਖਵਾ ਕੇ ਅਣਪਛਾਤੇ ਹਤਿਆਰਿਆਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

PunjabKesari
ਪਛਾਣ ਛੁਪਾਉਣ ਲਈ ਸਿਰ 'ਤੇ ਕੀਤੇ ਪੱਥਰ ਨਾਲ ਵਾਰ
ਮੁਲਜ਼ਮਾਂ ਨੇ ਮ੍ਰਿਤਕ ਦੀ ਇਕ ਲੱਤ 'ਤੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਬਾਅਦ 'ਚ ਉਸੇ ਜ਼ਖਮ 'ਚੋਂ ਮਾਸ ਤੱਕ ਨੋਚ ਕੇ ਕੱਢਿਆ। ਜਿਸ ਹਿੱਸੇ 'ਤੇ ਜ਼ਖਮ ਹੈ, ਉਥੋਂ ਮਾਸ ਦਾ ਕਾਫੀ ਹਿੱਸਾ ਗਾਇਬ ਮਿਲਿਆ ਹੈ। ਇੰਨਾ ਹੀ ਨਹੀਂ, ਮ੍ਰਿਤਕ ਦੀ ਪਛਾਣ ਲੁਕਾਉਣ ਲਈ ਹਤਿਆਰਿਆਂ ਨੇ ਉਸ ਦੇ ਮੂੰਹ 'ਤੇ ਪੱਥਰ ਨਾਲ ਵੀ ਵਾਰ ਕੀਤਾ, ਜਦਕਿ ਉਸ ਦਾ ਕੰਨ ਵੀ ਤੇਜ਼ਧਾਰ ਹਥਿਆਰ ਨਾਲ ਕੇ ਕੱਟਿਆ ਹੋਇਆ ਹੈ। ਇਸ ਤੋਂ ਇਲਾਵਾ 3 ਵਾਰ ਦੋਵਾਂ ਮੋਢਿਆਂ, ਲੱਤਾਂ ਅਤੇ ਗੋਡਿਆਂ 'ਤੇ ਵੀ ਮਿਲੇ ਹਨ।

ਲਾਪਤਾ ਲੋਕਾਂ ਦੀ ਲਿਸਟ ਖੰਗਾਲ ਰਹੀ ਹੈ ਪੁਲਸ
ਪੁਲਸ ਨੇ ਮ੍ਰਿਤਕ ਦੇ ਚਿਹਰੇ ਨੂੰ ਸਾਫ ਕਰਵਾ ਕੇ ਉਸ ਦੀਆਂ ਤਸਵੀਰਾਂ ਪੰਜਾਬ ਪੱਧਰ 'ਤੇ ਵੱਖ-ਵੱਖ ਥਾਣਿਆਂ ਵਿਚ ਸ਼ੇਅਰ ਕਰ ਦਿੱਤੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਜ਼ਿਲੇ ਵਿਚ ਲਾਪਤਾ ਲੋਕਾਂ ਦੀ ਲਿਸਟ ਵੀ ਖੰਗਾਲੀ ਜਾ ਰਹੀ ਹੈ। ਪਛਾਣ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਮ੍ਰਿਤਕ ਦੀ ਹੱਤਿਆ ਦੇ ਕੀ ਕਾਰਣ ਹੋਣਗੇ? ਥਾਣਾ ਨੰਬਰ 7 ਦੇ ਇੰਚਾਰਜ ਨਵੀਨ ਪਾਲ ਦਾ ਕਹਿਣਾ ਹੈ ਕਿ ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਥੋਂ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਮਿਲਿਆ ਹੈ। ਹਾਲਾਂਕਿ ਇਕ ਗਲੀ ਦੇ ਅੰਦਰ ਕੈਮਰਾ ਜ਼ਰੂਰ ਲੱਗਾ ਸੀ ਪਰ ਉਹ ਉਸ ਥਾਂ ਨੂੰ ਕਵਰ ਨਹੀਂ ਕਰਦਾ।

ਨਾਜਾਇਜ਼ ਸੰਬੰਧਾਂ ਨਾਲ ਜੁੜ ਸਕਦੀ ਹੈ ਹੱਤਿਆ ਦੀ ਕਹਾਣੀ
ਪੁਲਸ ਨੂੰ ਸ਼ੱਕ ਹੈ ਕਿ ਜਿਸ ਤਰ੍ਹਾਂ ਇਸ ਵਿਅਕਤੀ ਦੀ ਬੇਰਹਿਮੀ ਨਾਲ ਹੱਿਤਆ ਕੀਤੀ ਗਈ ਹੈ, ਉਹ ਨਾਜਾਇਜ਼ ਸੰਬੰਧਾਂ ਨਾਲ ਜੁੜ ਸਕਦੀ ਹੈ, ਹਾਲਾਂਕਿ ਪੁਲਸ ਕਾਰੋਬਾਰੀ ਰੰਜਿਸ਼, ਪ੍ਰਾਪਰਟੀ ਵਿਵਾਦ ਨਾਲ ਵੀ ਇਸ ਹੱਤਿਆ ਦੇ ਤਾਰ ਜੋੜ ਰਹੀ ਹੈ। ਇੰਸ. ਨਵੀਨ ਪਾਲ ਦਾ ਕਹਿਣਾ ਹੈ ਕਿ ਅਜੇ ਇਹ ਵੀ ਸਾਫ ਨਹੀਂ ਹੈ ਕਿ ਮ੍ਰਿਤਕ ਪੰਜਾਬੀ ਸੀ ਜਾਂ ਫਿਰ ਪ੍ਰਵਾਸੀ। ਥਾਣੇ ਦੇ ਅਧੀਨ ਆਉਂਦੇ ਪ੍ਰਵਾਸੀਆਂ ਦੇ ਕੁਆਰਟਰਾਂ ਦੇ ਮਾਲਕਾਂ ਨੂੰ ਵੀ ਬੁਲਾਇਆ ਗਿਆ ਹੈ ਤਾਂ ਕਿ ਪਛਾਣ ਹੋ ਸਕੇ।

 


author

shivani attri

Content Editor

Related News