ਖੰਨਾ 'ਚ ਖੂਨ ਦੇ ਰਿਸ਼ਤੇ ਹੋਏ ਸਫੈਦ, ਛੋਟੀ ਜਿਹੀ ਗੱਲ ਪਿੱਛੇ ਭਰਾ ਨੇ ਭਰਾ ਨੂੰ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

09/21/2017 7:28:56 PM

ਖੰਨਾ/ਹਲਵਾਰਾ(ਮਨਦੀਪ ਸਿੰਘ)— ਸਥਾਨਕ ਪਿੰਡ ਹਲਵਾਰਾ 'ਚ ਇਕ ਭਰਾ ਵੱਲੋਂ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਛੋਟੇ ਭਰਾ ਦਲਵੀਰ ਸਿੰਘ ਪੁੱਤਰ ਸਾਧੂ ਸਿੰਘ ਨੇ ਆਪਣੇ ਵੱਡੇ ਭਰਾ ਦਰਸ਼ਨ ਸਿੰਘ (40) ਦੇ ਸਿਰ ਵਿਚ ''ਬਾਲਾ” ਮਾਰ ਕੇ ਕਤਲ ਕਰ ਦਿੱਤਾ। ਮੌਕੇ 'ਤੇ ਥਾਣਾ ਸੁਧਾਰ ਦੇ ਇੰਚਾਰਜ ਰਣਜੀਤ ਸਿੰਘ ਪੁਲਿਸ ਮੁਲਜਮਾਂ ਨਾਲ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕ ਦਰਸ਼ਨ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਧਾਰ ਵਿਚ ਪਹੁੰਚਾਇਆ। ਮ੍ਰਿਤਕ ਦੇ ਭਰਾ ਬਲਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਲਵੀਰ ਸਿੰਘ ਦੇ ਵਿਰੁਧ ਮੁਕੱਦਮਾ ਦਰਜ ਕਰ ਲਿਆ।
ਡੀ. ਐੱਸ. ਪੀ. ਰਾਏਕੋਟ ਸੁਰਜੀਤ ਸਿੰਘ ਧਨੋਆਂ ਨੇ ਦੱਸਿਆਂ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਬਲਵੀਰ ਸਿੰਘ (32) ਪੁੱਤਰ ਸਾਧੂ ਸਿੰਘ ਵਾਸੀ ਹਲਵਾਰਾ ਨੇ ਦੱਸਿਆ ਕਿ ਉਹ 3 ਭਰਾ ਦਰਸ਼ਨ ਸਿੰਘ, ਬਲਵੀਰ ਸਿੰਘ ਅਤੇ ਦਲਵੀਰ ਸਿੰਘ ਹਨ ਅਤੇ ਮਾਤਾ ਗੁਰਮੇਲ ਕੌਰ (70) ਉਨ੍ਹਾਂ ਨਾਲ ਹੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਭਰਾ ਇੱਕਠੇ ਰਹਿੰਦੇ ਹਨ ਜੋਕਿ ਮਜਦੂਰੀ ਕਰਦੇ ਹਨ। ਵੱਡਾ ਭਰਾ ਦਰਸ਼ਨ ਸਿੰਘ ਅਤੇ ਛੋਟਾ ਭਰਾ ਦਲਵੀਰ ਸਿੰਘ ਅਣਵਿਆਹੇ ਹਨ ਅਤੇ ਦੋਵੇਂ ਹੀ ਸ਼ਰਾਬ ਪੀਣ ਦੇ ਆਦੀ ਹਨ। 
ਬੀਤੀ ਦੇਰ ਰਾਤ ਉਹ ਦੋਵੇਂ ਕੰਮ ਤੋਂ ਘਰ ਵਾਪਸ ਆਏ ਅਤੇ ਰੋਟੀ ਖਾਣ ਤੋਂ ਬਾਅਦ ਵੱਡਾ ਭਰਾ ਦਰਸ਼ਨ ਸਿੰਘ ਕਮਰੇ ਵਿਚ ਸੌਂਣ ਲਈ ਬਾਹਰ ਪਿਆ ਫਰਾਟਾ ਪੱਖਾ ਚੁੱਕ ਕੇ ਕਮਰੇ ਵਿਚ ਲੈ ਗਿਆ ਤਾਂ ਛੋਟੇ ਭਰਾ ਦਲਵੀਰ ਸਿੰਘ ਉਸ ਦੇ ਕਮਰੇ 'ਚੋਂ ਫਰਾਟਾ ਪੱਖਾ ਚੁੱਕ ਕੇ ਬਾਹਰ ਵੇਹੜੇ ਲੈ ਆਇਆ। ਵੱਡੇ ਅਤੇ ਛੋਟੇ ਭਰਾ ਦੇ ਵਿਚਕਾਰ ਪੱਖੇ ਕਰਕੇ ਲੜਾਈ ਹੋ ਗਈ। ਲੜਾਈ ਵਿਚ ਪੱਖਾ ਡਿੱਗ ਕੇ ਟੁੱਟ ਗਿਆ ਅਤੇ ਗੁੱਸੇ ਵਿਚ ਆਏ ਉਸ ਦੇ ਛੋਟੇ ਭਰਾ ਨੇ ਲੱਕੜ ਵਾਲਾ ਬਾਲਾ ਚੁੱਕੇ ਵੱਡੇ ਭਰਾ ਦਰਸ਼ਨ ਸਿੰਘ ਨੂੰ ਸਿਰ 'ਤੇ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਡੀ. ਐੱਸ. ਪੀ. ਰਾÂਕੋਟ ਨੇ ਦੱਸਿਆ ਕਿ ਮ੍ਰਿਤਕ ਦਰਸ਼ਨ ਸਿੰਘ ਦੀ ਲਾਸ਼ ਸੁਧਾਰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜੀ ਗਈ। ਵੀਰਵਾਰ ਨੂੰ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਦੇ ਦਿੱਤੀ ਅਤੇ ਇਸ ਕੇਸ ਦੀ ਤਫਤੀਸ਼ ਇੰਸਪੈਕਟਰ ਥਾਣਾ ਮੁਖੀ ਰਣਜੀਤ ਸਿੰਘ ਕਰ ਰਹੇ ਹਨ। ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦਲਵੀਰ ਸਿੰਘ 'ਤੇ ਮੁਕੱਦਮਾ ਨੰਬਰ-128,ਅ/ਧ 302 ਆਈ. ਪੀ. ਸੀ. ਤਹਿਤ ਦਰਜ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀ ਨੂੰ ਬਾਹਦ ਪਿੰਡ ਹਲਵਾਰਾ ਕੋਲ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਕਤਲ ਵਿਚ ਵਰਤਿਆਲੱਕੜ ਦਾ ਬਾਲਾ ਵੀ ਬਰਾਮਦ ਕਰ ਲਿਆ ਗਿਆ ਹੈ। ਜਿਸ ਨੂੰ ਸ਼ੁੱਕਰਵਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਕੀ ਕਹਿਣਾ ਹੈ ਪੋਸਟਮਾਰਟਮ ਕਰਨ ਵਾਲੇ ਡਾਕਟਰ ਦਾ
ਸਿਵਲ ਹਸਪਤਾਲ ਸੁਧਾਰ ਵਿਚ ਮੈਡੀਕਲ ਅਫਸਰ ਡਾ. ਅਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਰਸ਼ਨ ਸਿੰਘ ਦੀ ਮੌਤ ਸਿਰ ਵਿੱਚ ਸੱਟ ਲੱਗਣ ਕਾਰਨ ਹੋਈ ਹੈ। ਸੱਟ ਨਾਲ ਮ੍ਰਿਤਕ ਦੀ ਖੋਪੜੀ ਟੁੱਟ ਗਈ ਜੋਕਿ ਦਿਮਾਗ ਵਿੱਚ ਵੜ ਗਈ ਸੀ।


Related News