''ਲਵ ਮੈਰਿਜ'' ਦਾ ਵਿਰੋਧ ਕਰ ਰਹੇ ਪਿਓ ਦਾ ਪੁੱਤਰ ਨੇ ਕੀਤਾ ਕਤਲ

Sunday, Jun 09, 2019 - 02:02 PM (IST)

''ਲਵ ਮੈਰਿਜ'' ਦਾ ਵਿਰੋਧ ਕਰ ਰਹੇ ਪਿਓ ਦਾ ਪੁੱਤਰ ਨੇ ਕੀਤਾ ਕਤਲ

ਮਾਨਸਾ—ਪਿੰਡ ਖਿੱਲਣ 'ਚ ਆਪਣੇ ਪੁੱਤਰ ਦੀ 'ਲਵ ਮੈਰਿਜ' ਦਾ ਵਿਰੋਧ ਕਰਨਾ ਇਕ ਪਿਤਾ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਪਿਤਾ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਖਿੱਲਣ 'ਚ ਇਕ ਨੌਜਵਾਨ ਨੇ ਸ਼ੁੱਕਰਵਾਰ ਰਾਤ ਵਿਰੋਧ ਕਰ ਰਹੇ ਆਪਣੇ ਪਿਤਾ ਦੇ ਸਿਰ 'ਤੇ ਹੈਂਡਪੰਪ ਦਾ ਹੈਂਡਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਥਾਣਾ ਸਦਰ ਮਾਨਸਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਸਿਵਲ ਹਸਪਤਾਲ ਪਹੁੰਚਾਇਆ। 

2 ਸਾਲ ਪਹਿਲਾਂ ਪੁੱਤ ਨੇ ਕੀਤੀ ਸੀ 'ਲਵ ਮੈਰਿਜ', ਪਰਿਵਾਰ ਵਾਲੇ ਸਨ ਖਫਾ 
ਮਿਲੀ ਜਾਣਕਾਰੀ ਮੁਤਾਬਕ ਪਿੰਡ ਖਿੱਲਣ ਵਾਸੀ ਜਗਸੀਰ ਸਿੰਘ ਨੇ ਕਰੀਬ 2 ਸਾਲ ਪਹਿਲਾਂ ਆਪਣੇ ਹੀ ਮਾਮੇ ਦੀ ਲੜਕੀ ਨਾਲ 'ਲਵ ਮੈਰਿਜ' ਕੀਤੀ ਸੀ। ਇਸ 'ਲਵ ਮੈਰਿਜ' ਤੋਂ ਜਗਸੀਰ ਸਿੰਘ ਦੇ ਪਿਤਾ ਬਾਵਾ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਖਫਾ ਸਨ। ਜਿਸ ਤੋਂ ਬਾਅਦ ਪਰਿਵਾਰ ਨੇ ਜਗਸੀਰ ਸਿੰਘ ਅਤੇ ਉਸ ਦੇ ਪਤਨੀ ਨੂੰ ਘਰੋਂ ਕੱਢ ਦਿੱਤਾ ਸੀ। 

ਵਿਆਹ ਨੂੰ ਲੈ ਕੇ ਹੀ ਸ਼ੁੱਕਰਵਾਰ ਦੇਰ ਰਾਤ ਬਾਵਾ ਸਿੰਘ ਅਤੇ ਜਗਸੀਰ ਸਿੰਘ ਵਿਚਾਲੇ ਤਕਰਾਰ ਹੋਈ। ਗੁੱਸੇ 'ਚ ਆਏ ਜਗਸੀਰ ਸਿੰਘ ਨੇ ਬਾਵਾ ਸਿੰਘ ਦੇ ਸਿਰ 'ਤੇ ਹੈਂਡਪੰਪ ਦਾ ਹੈਂਡਲ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਥੋਂ ਫਰਾਰ ਹੋ ਗਿਆ। ਸਦਰ ਥਾਣਾ ਪੁਲਸ ਨੇ ਬਾਵਾ ਸਿੰਘ ਦੇ ਦੂਜੇ ਬੇਟੇ ਜਸਬੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਗਸੀਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਦਰ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਥਾਣਾ ਸਦਰ ਮਾਨਸਾ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਨੇ ਆਪਣੇ ਪਿਤਾ ਬਾਵਾ ਸਿੰਘ ਦਾ ਕਤਲ ਕੀਤਾ ਹੈ।


author

shivani attri

Content Editor

Related News