ਪੁਲਸ ਹਿਰਾਸਤ ’ਚ ਵਿਅਕਤੀ ਦੀ ਮੌਤ ਹੋਣ ’ਤੇ ਪੁਲਸ ਨੂੰ ਹੱਥਾਂ-ਪੈਰਾਂ ਦੀ ਪਈ
Friday, Dec 25, 2020 - 02:54 PM (IST)
ਡੇਰਾਬੱਸੀ (ਅਨਿਲ) : ਡੇਰਾਬੱਸੀ ਪੁਲਸ ਥਾਣੇ ’ਚ ਇਕ 67 ਸਾਲਾ ਵਿਅਕਤੀ ਦੀ ਪੁਲਸ ਹਿਰਾਸਤ ’ਚ ਮੌਤ ਹੋ ਜਾਣ ’ਤੇ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਤਿਲਕ ਨਗਰ ਦਿੱਲੀ ਦੇ ਤੌਰ ’ਤੇ ਹੋਈ ਹੈ। ਪੁਲਸ ਮੁਤਾਬਕ ਸਵੇਰ ਦੇ ਸਮੇਂ ਡੇਰਾਬੱਸੀ ਪੁਲਸ ਬੈਰਕ 'ਚ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਤਾਂ ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਜੂਡੀਸ਼ੀਅਲ ਮੈਜਿਸਟ੍ਰੇਟ ਜੱਜ ਗੌਰਵ ਦੱਤਾ ਦੀ ਹਾਜ਼ਰੀ 'ਚ ਮੋਹਾਲੀ ਤੋਂ ਫਾਰੈਂਸਿਕ ਮਾਹਿਰ ਸਮੇਤ ਤਿੰਨ ਡਾਕਟਰਾਂ ਦੇ ਪੈਨਲ ਵਲੋਂ ਪਰਮਜੀਤ ਦੀ ਲਾਸ਼ ਦਾ ਵੀਡੀਓਗ੍ਰਾਫ਼ੀ ਰਾਹੀਂ ਪੋਸਟਮਾਰਟਮ ਕਰਵਾਇਆ ਗਿਆ।
ਐੱਸ. ਐੱਮ. ਓ. ਡਾ. ਸੰਗੀਤਾ ਜੈਨ ਮੁਤਾਬਕ ਮ੍ਰਿਤਕ ਦਾ ਕੋਰੋਨਾ ਟੈਸਟ ਵੀ ਲਿਆ ਗਿਆ। ਬਾਕੀ ਮੌਤ ਦੇ ਅਸਲ ਕਾਰਣਾਂ ਦਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲੱਗ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਜ਼ੀਰਕਪੁਰ ਪੁਲਸ ਵਲੋਂ ਪਰਮਜੀਤ ਸਿੰਘ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ੀਰਕੁਪਰ ਪੁਲਸ ਵਲੋਂ 27 ਦਸੰਬਰ 2016 'ਚ ਆਈ. ਪੀ. ਸੀ. ਦੀ ਧਾਰਾ-406, 420 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਸੀ।
70 ਲੱਖ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਮਾਮਲੇ ਵਿਚ ਪਰਮਜੀਤ ਸਿੰਘ ਟੈਸਟਰ ਲੱਗਾ ਹੋਇਆ ਸੀ ਅਤੇ ਜਿਸ 'ਚ ਪੁਲਸ ਨੇ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਸੀ। ਬੀਤੇ ਬੁੱਧਵਾਰ ਨੂੰ ਜ਼ੀਰਕਪੁਰ ਤੋਂ ਕੋਰੋਨਾ ਮਹਾਮਾਰੀ ਦੇ ਡਰੋਂ ਅਫ਼ਸਰਾਂ ਦੇ ਨਿਰਦੇਸ਼ਾਂ ’ਤੇ ਡੇਰਾਬੱਸੀ ਪੁਲਸ ਥਾਣੇ 'ਚ ਲਿਆਂਦਾ ਗਿਆ ਸੀ। ਵੀਰਵਾਰ ਸਵੇਰ ਕਰੀਬ ਸਾਢੇ 8 ਵਜੇ ਪਰਮਜੀਤ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ।