ਗੁਆਂਢੀਆਂ ਨਾਲ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ, ਪੁੱਤ ਬਚਾਉਣ ਆਏ ਪਿਤਾ ਦੀ ਮੌਤ
Monday, Aug 17, 2020 - 03:09 PM (IST)
ਚੰਡੀਗੜ੍ਹ (ਸੰਦੀਪ) : ਬਾਪੂਧਾਮ ਕਾਲੋਨੀ 'ਚ ਰਹਿਣ ਵਾਲੇ ਨੌਜਵਾਨ ਦਾ ਰੰਜਿਸ਼ ਕਾਰਣ ਗੁਆਂਢੀਆਂ ਨਾਲ ਝਗੜਾ ਹੋ ਗਿਆ ਅਤੇ ਇਸ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ। ਇਸ ਦੌਰਾਨ ਨੌਜਵਾਨ ਦਾ ਪਿਤਾ ਬੇਟੇ ਦਾ ਬਚਾਅ ਕਰਨ ਆਇਆ ਤਾਂ ਉਸ ਦੇ ਸਿਰ 'ਚ ਲੋਹੇ ਦੀ ਰਾਡ ਵੱਜ ਗਈ। ਜੀ. ਐੱਮ. ਐੱਸ. ਐੱਚ.-16 'ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮੁਹੰਮਦ ਮੁਸਤਕੀਮ (53) ਵਜੋਂ ਹੋਈ ਹੈ। ਸੈਕਟਰ-26 ਥਾਣਾ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਜਾਂਚ ਦੇ ਆਧਾਰ ’ਤੇ ਕੇਸ 'ਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰੇਗੀ। ਉੱਥੇ ਹੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਲਸ ਕੇਸ 'ਚ ਹੋਰ ਬਣਦੀਆਂ ਅਪਰਾਧਿਕ ਧਾਰਾਵਾਂ ਜੋੜੇਗੀ।
ਗਰੇਨ ਮਾਰਕਿਟ ’ਚ ਫਲਾਂ ਦਾ ਕਾਰੋਬਾਰ ਕਰਦਾ ਸੀ
ਜਾਣਕਾਰੀ ਅਨੁਸਾਰ ਮੁਹੰਮਦ ਮੁਸਤਕੀਮ ਗਰੇਨ ਮਾਰਿਕਟ 'ਚ ਫਲਾਂ ਦਾ ਕਾਰੋਬਾਰ ਕਰਦਾ ਹੈ। ਕੁੱਝ ਸਮਾਂ ਪਹਿਲਾਂ ਉਸ ਦੇ ਬੇਟੇ ਮੁਹੱਬਤ ਅਰਬਾਜ ਦਾ ਆਪਣੇ ਗੁਆਂਢ 'ਚ ਰਹਿਣ ਵਾਲਿਆਂ ਨਾਲ ਮਾਮੂਲੀ ਗੱਲ ਤੋਂ ਝਗੜਾ ਹੋ ਗਿਆ ਸੀ। ਇਸ ਦੌਰਾਨ ਮੁਹੰਮਦ ਮੁਸਤਕੀਮ ਨੇ ਆਪਸੀ ਗੱਲਬਾਤ ਤੋਂ ਬਾਅਦ ਮਾਮਲੇ ਨੂੰ ਨਿਬੇੜ ਦਿੱਤਾ ਸੀ। ਸ਼ਨੀਵਾਰ ਰਾਤ ਇਸ ਰੰਜਿਸ਼ ਕਾਰਣ ਉਨ੍ਹਾਂ ਦੇ ਗੁਆਂਢੀ ਅਰਬਾਜ ਨਾਲ ਲੜਾਈ ਕਰਨ ਲੱਗ ਪਏ। ਸਾਰਿਆਂ ਕੋਲ ਲੋਹੇ ਦੀਆਂ ਰਾਡਾਂ ਅਤੇ ਡੰਡੇ ਸਨ ਅਤੇ ਸਾਰੇ ਅਰਬਾਜ ਨਾਲ ਬਹਿਸ ਕਰ ਰਹੇ ਸਨ। ਦੇਖਦਿਆਂ ਹੀ ਦੇਖਦਿਆਂ ਸਾਰੇ ਅਰਬਾਜ ਦੀ ਕੁੱਟਮਾਰ ਕਰਨ ਲੱਗ ਪਏ। ਇਸ ਦੌਰਾਨ ਜਦੋਂ ਮੁਸਤਕੀਮ ਬੇਟੇ ਦਾ ਬਚਾਅ ਕਰਨ ਲੱਗਾ ਤਾਂ ਇਕ ਨੇ ਉਸ ਦੇ ਸਿਰ ’ਤੇ ਰਾਡ ਮਾਰ ਦਿੱਤੀ। ਸਿਰ 'ਚ ਸੱਟ ਲੱਗਦਿਆਂ ਹੀ ਉਹ ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿਗ ਗਿਆ ਅਤੇ ਉਸ ਦੀ ਮੌਤ ਹੋ ਗਈ।