ਤੇਜ਼ ਰਫ਼ਤਾਰ ਮੋਟਰਸਾਈਕਲ ਵੱਜਾ ਦਰੱਖਤ ''ਚ, ਨੌਜਵਾਨ ਦੀ ਮੌਤ
Sunday, Apr 01, 2018 - 08:26 AM (IST)

ਜੈਤੋ (ਜਿੰਦਲ) - ਅੱਜ ਸਵੇਰੇ 11:15 ਵਜੇ ਪਿੰਡ ਦਬੜੀਖਾਨਾ ਨਜ਼ਦੀਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰੱਖਤ 'ਚ ਵੱਜਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਜੱਗਾ ਸਿੰਘ (21) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਘਣੀਆ ਵਾਇਆ ਦਬੜੀਖਾਨਾ ਆਪਣੇ ਪਿੰਡ ਜਾ ਰਿਹਾ ਸੀ। ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਸੜਕ ਦੇ ਕੰਢੇ ਉਛਲ ਕੇ ਦਰੱਖਤ ਵਿਚ ਜਾ ਵੱਜਾ।
ਦਿਹਾੜੀਦਾਰ ਸੀ ਮ੍ਰਿਤਕ ਜੱਗਾ
ਜ਼ਿਕਰਯੋਗ ਹੈ ਕਿ ਜੱਗਾ ਸਿੰਘ ਪਿੰਡ ਘਣੀਆ ਦਾ ਰਹਿਣ ਵਾਲਾ ਇਕ ਦਿਹਾੜੀਦਾਰ ਸੀ ਅਤੇ ਅਜੇ ਕੁਆਰਾ ਹੀ ਸੀ। ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਪਿਤਾ ਦਰਸ਼ਨ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਉਸ ਦੀ ਇਕ ਭੈਣ ਜਿਹੜੀ ਪਿੰਡ ਦਬੜੀਖਾਨਾ ਵਿਖੇ ਵਿਆਹੀ ਹੋਈ ਸੀ, ਗਰੀਬੀ ਕਾਰਨ ਜੱਗਾ ਆਪਣੀ ਭੈਣ-ਭਣਵਈਏ ਕੋਲ ਹੀ ਰਹਿੰਦਾ ਸੀ। ਜੱਗੇ ਦਾ ਵੱਡਾ ਭਰਾ ਵੀ ਦਿਹਾੜੀ ਵਗੈਰਾ ਹੀ ਕਰਦਾ ਹੈ।
ਉਸ ਦਾ ਭਣਵੱਈਆ ਵੀ ਦਿਹਾੜੀ ਮਜ਼ਦੂਰੀ ਕਰਦਾ ਹੈ। ਉਹ ਆਪਣੇ ਭਣਵੱਈਏ ਦੇ ਮੋਟਰਸਾਈਕਲ 'ਤੇ ਹੀ ਆਪਣੇ ਪਿੰਡ ਘਣੀਆ ਵੱਲ ਘਰ ਵਾਲਿਆਂ ਨੂੰ ਮਿਲਣ ਲਈ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਦਰੱਖਤ 'ਚ ਵੱਜ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦਾ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੋਣ ਕਾਰਨ ਉਹ ਆਪਣਾ ਪੇਟ ਪਾਲਣ ਲਈ ਆਪਣੇ ਭੈਣ-ਭਣਵਈਏ ਕੋਲ ਰਹਿ ਕੇ ਸਮਾਂ ਪਾਸ ਕਰ ਰਿਹਾ ਸੀ।
ਪਿੰਡ ਵਾਸੀਆਂ ਨੇ ਇਸ ਦੁਰਘਟਨਾ ਦੀ ਜਾਣਕਾਰੀ ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਐਮਰਜੈਂਸੀ ਨੰਬਰ 'ਤੇ ਦਿੱਤੀ। ਇਸ 'ਤੇ ਤੁਰੰਤ ਹੀ ਸੋਸਾਇਟੀ ਦੇ ਮੈਂਬਰ ਘਟਨਾ ਸਥਾਨ 'ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹਾਲਤ 'ਚ ਪਏ ਨੌਜਵਾਨ ਨੂੰ ਸਿਵਲ ਹਸਪਤਾਲ, ਜੈਤੋ ਪਹੁੰਚਾਇਆ। ਹਸਪਤਾਲ 'ਚ ਤਾਇਨਾਤ ਡਾਕਟਰਾਂ ਨੇ ਚੈੱਕਅਪ ਕਰਨ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।