ਛੱਤ ’ਤੇ ਸੌਣ ਲਈ ਗਿਆ ਵਿਅਕਤੀ ਹਨ੍ਹੇਰੇ ’ਚ ਦੂਜੀ ਮੰਜ਼ਿਲ ਤੋਂ ਡਿੱਗਾ, ਮੌਤ

05/19/2024 2:34:03 PM

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਆਕਾਸ਼ ਨਗਰ ’ਚ ਇਕ ਵਿਅਕਤੀ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜੈਦੀਪ ਜਾਖੜ ਅਤੇ ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੀ ਮਕਾਨ ਦੀ ਦੂਜੀ ਮੰਜ਼ਿਲ ਤੋਂ ਥੱਲੇ ਡਿੱਗਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ (30) ਪੁੱਤਰ ਰੰਗੀਲ ਸਿੰਘ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਹਾਲ ਵਾਸੀ ਆਕਾਸ਼ ਨਗਰ ਵਜੋਂ ਕੀਤੀ ਗਈ ਹੈ। ਮ੍ਰਿਤਕ ਦੇ ਮਕਾਨ ਮਾਲਕ ਪ੍ਰਵੀਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਮੁਹੱਲੇ ’ਚ ਬਿਜਲੀ ਨਹੀਂ ਸੀ।

ਇਸ ਲਈ ਗਰਮੀ ਕਾਰਨ ਰਾਜੇਸ਼ ਕੁਮਾਰ ਸੋਣ ਲਈ ਦੂਜੀ ਮੰਜ਼ਿਲ ਦੀ ਛੱਤ ’ਤੇ ਚਲਾ ਗਿਆ ਅਤੇ ਰਾਤ ਨੂੰ ਹਨ੍ਹੇਰਾ ਹੋਣ ਕਾਰਨ ਉਹ ਛੱਤ ਤੋਂ ਥੱਲੇ ਗੁਆਂਢੀਆਂ ਦੀ ਛੱਤ ’ਤੇ ਸਿਰ ਦੇ ਭਾਰ ਜਾ ਡਿੱਗਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।

                         


Babita

Content Editor

Related News