ਜਦੋਂ ਪੈਸੇ ਮੰਗ ਕੀਤਾ ਜਵਾਈ ਦਾ ਸਸਕਾਰ ਤੇ ਫੁੱਲ ਚੁਗਣ ਤੋਂ ਪਹਿਲਾਂ ਦੇਣੀ ਪਈ ਰਿਸ਼ਵਤ, ਜਾਣੋ ਪੂਰਾ ਮਾਮਲਾ

Saturday, Nov 06, 2021 - 05:39 PM (IST)

ਜਦੋਂ ਪੈਸੇ ਮੰਗ ਕੀਤਾ ਜਵਾਈ ਦਾ ਸਸਕਾਰ ਤੇ ਫੁੱਲ ਚੁਗਣ ਤੋਂ ਪਹਿਲਾਂ ਦੇਣੀ ਪਈ ਰਿਸ਼ਵਤ, ਜਾਣੋ ਪੂਰਾ ਮਾਮਲਾ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)- ਸਥਾਨਕ ਪੁਲਸ ਵੱਲੋਂ ਬੀਤੇ ਦਿਨੀਂ ਠੱਗੀਆਂ ਮਾਰਨ ਦੇ ਦੋਸ਼ ਵਿਚ ਨਾਮਜ਼ਦ ਕੀਤੇ ਗਏ ਅਖੌਤੀ ਪੱਤਰਕਾਰ ਦੀਆਂ ਠੱਗੀਆਂ ਬਾਰੇ ਪੀੜਤ ਪਰਿਵਾਰ ਵੱਲੋਂ ਹੈਰਾਨੀਜਨਕ ਖ਼ੁਲਾਸੇ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤਾ ਲਖਬੀਰ ਕੌਰ ਵਾਸੀ ਜੈਨ ਕਾਲੋਨੀ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਜਵਾਈ ਰਣਜੀਤ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ, ਮੌਤ ਉਪਰੰਤ ਰਣਜੀਤ ਦਾ ਸਸਕਾਰ ਮੁਹੱਲਾ ਵਾਸੀਆਂ ਤੋਂ ਇਕੱਠੇ ਕੀਤੇ ਰੁਪਇਆਂ ਨਾਲ ਕੀਤਾ ਗਿਆ ਕਿਉਂਕਿ ਉਨ੍ਹਾਂ ਦੀ ਮਾਲੀ ਹਾਲਾਤ ਠੀਕ ਨਹੀਂ ਹੈ। ਉਹ ਖ਼ੁਦ ਲੋਕਾਂ ਦੇ ਘਰ ਵਿਚ ਸਫ਼ਾਈ ਦਾ ਕੰਮ ਕਰਦੀ ਹੈ।

ਜਵਾਈ ਰਣਜੀਤ ਦੇ ਸਸਕਾਰ ਤੋਂ ਅਗਲੇ ਦਿਨ ਰਣਜੀਤ ਦੇ ਭਰਾ ਉਨ੍ਹਾਂ ਤੋਂ ਰਣਜੀਤ ਦੇ ਫੁੱਲ (ਅਸਥੀਆਂ) ਮੰਗਣ ਲੱਗੇ ਅਤੇ ਨਾ ਦੇਣ ’ਤੇ ਪੁਲਸ ਕਾਰਵਾਈ ਕਰਵਾਉਣ ਦੀਆਂ ਧਮਕੀਆਂ ਦੇਣ ਲੱਗੇ। ਇਸ ਦੌਰਾਨ ਸਾਬੀ ਦਾਸੀਕੇ ਨਾਮ ਦਾ ਵਿਅਕਤੀ ਆਇਆ ਅਤੇ ਉਨ੍ਹਾਂ ਨੂੰ ਰਣਜੀਤ ਦੇ ਭਰਾਵਾਂ ਨਾਲ ਮਿਲ ਕੇ ਧਮਕਾਉਣ ਲੱਗਾ। ਇਸ ਦੌਰਾਨ ਸਾਬੀ ਰਾਜ਼ੀਨਾਮਾ ਕਰਵਾਉਣ ਦਾ ਕਹਿ ਕੇ ਉਨ੍ਹਾਂ ਤੋਂ 30 ਹਜ਼ਾਰ ਰੁਪਏ ਦੀ ਮੰਗ ਕਰਦਿਆਂ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਲੱਗਾ।

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

ਲਖਬੀਰ ਕੌਰ ਨੇ ਦੱਸਿਆ ਕਿ ਉਸ ਨੇ ਇਕ ਘਰ, ਜਿੱਥੇ ਉਹ ਸਫ਼ਾਈ ਦਾ ਕੰਮ ਕਰਦੀ ਹੈ, ਤੋਂ 10 ਹਜ਼ਾਰ ਰੁਪਏ ਉਧਾਰ ਲਏ ਅਤੇ ਸਾਬੀ ਦਾਸੀਕੇ ਨੂੰ ਦੇ ਦਿੱਤੇ ਤਾਂ ਜੋ ਰਣਜੀਤ ਦੀਆਂ ਅੰਤਿਮ ਰਸਮਾਂ ਧਾਰਮਿਕ ਰੀਤੀ-ਰਿਵਾਜ਼ਾਂ ਮੁਤਾਬਕ ਹੋ ਜਾਣ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਬੀ ਨੇ ਉਕਤ ਰਕਮ ਕਿਸੇ ਹੋਰ ਨੂੰ ਨਾ ਦੇ ਕੇ ਖ਼ੁਦ ਹੀ ਰੱਖ ਲਈ। ਇਸ ਤੋਂ ਬਾਅਦ ਉਹ ਚੌਥੇ ਦੀ ਰਸਮ ਨਿਭਾ ਰਹੇ ਸਨ ਕਿ ਸਾਬੀ ਫਿਰ ਤੋਂ ਉਨ੍ਹਾਂ ਪਾਸੋਂ 20 ਹਜ਼ਾਰ ਰੁਪਏ ਦੀ ਮੰਗ ਕਰਦਾ ਕਹਿਣ ਲੱਗਾ ਕਿ ਪਹਿਲਾਂ ਮੈਨੂੰ ਰਿਸ਼ਵਤ ਦਿਓ ਫਿਰ ਚੁਗ ਲਿਓ ਅਸਥੀਆਂ। ਉਸ ਨੇ ਇਹ ਰੁਪਏ ਪੁਲਸ ਨੂੰ ਦੇਣੇ ਹਨ। 

ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ’ਤੇ ਸਾਬੀ ਦਾਸੀਕੇ ਪੁਲਸ ਕਾਰਵਾਈ ਦੀਆਂ ਧਮਕੀਆਂ ਦੇਣ ਲੱਗਾ। ਜਦ ਉਨ੍ਹਾਂ ਨੇ ਸ਼ਾਹਕੋਟ ਪੁਲਸ ਨਾਲ ਸੰਪਰਕ ਕੀਤਾ ਤਾਂ ਸੱਚਾਈ ਸਾਹਮਣੇ ਆ ਗਈ। ਪੁਲਸ ਨੇ ਧਮਕੀਆਂ ਦੇ ਕੇ ਜਬਰੀ ਵਸੂਲੀ ਕਰਨ ਵਾਲੇ ਸਾਬੀ ਦਾਸੀਕੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਲਖਬੀਰ ਕੌਰ ਨੇ ਸ਼ਾਹਕੋਟ ਪੁਲਸ ਤੋਂ ਮੰਗ ਕੀਤੀ ਕਿ ਸਾਬੀ ਖ਼ਿਲਾਫ਼ ਜਾਂਚ ਤੇਜ਼ ਕਰੇ, ਕਿਉਂਕਿ ਇਹ ਵਿਅਕਤੀ ਇਕਲਾ ਹੀ ਨਹੀਂ ਸਗੋਂ ਇਸ ਨਾਲ ਕੁਝ ਵਿਅਕਤੀ ਅਤੇ ਔਰਤਾਂ ਵੀ ਮਿਲੇ ਹੋਏ ਹਨ, ਜੋ ਲੋਕਾਂ ਨੂੰ ਡਰਾ-ਧਮਕਾ ਕੇ ਜਬਰੀ ਵਸੂਲੀ ਕਰਦੇ ਹਨ।

ਇਹ ਵੀ ਪੜ੍ਹੋ: ਟਾਂਡਾ ਦਾ ਨੌਜਵਾਨ ਅਮਰੀਕਾ 'ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਸ਼ਾਹਕੋਟ ’ਚ ਸਰਗਰਮ ਹੈ ਜਬਰੀ ਵਸੂਲੀ ਗੈਂਗ
ਸ਼ਾਹਕੋਟ ਇਲਾਕੇ ਅੰਦਰ ਇਨ੍ਹੀਂ ਦਿਨੀਂ ਜਬਰੀ ਵਸੂਲੀ-ਗੈਂਗ ਕਾਫੀ ਸਰਗਰਮ ਹੈ। ਸੂਤਰ ਦੱਸਦੇ ਹਨ ਕਿ ਕੁਝ ਔਰਤਾਂ ਅਤੇ ਵਿਅਕਤੀ ਮਿਲ ਕੇ ਲੋਕਾਂ ਨੂੰ ਜ਼ਬਰਦਸਤੀ ਪੁਲਸ ਦੇ ਨਾਮ ’ਤੇ ਠੱਗਦੇ ਹਨ। ਜਿਵੇਂ ਕਿ ਉਕਤ ਸਾਬੀ ਦਾਸੀਕੇ ਵੱਲੋਂ ਲਖਬੀਰ ਕੌਰ ਤੋਂ ਜਬਰੀ ਵਸੂਲੀ ਕੀਤੀ ਗਈ, ਉਸੇ ਤਰ੍ਹਾਂ ਇਹ ਗੈਂਗ ਆਮ ਲੋਕਾਂ ਨੂੰ ਨਾ ਸਿਰਫ ਠੱਗ ਰਿਹਾ ਹੈ ਬਲਕਿ ਉਨ੍ਹਾਂ ਦੀ ਜਾਇਦਾਦ ਨੂੰ ਵੀ ਹੜਪਣ ਦੀਆਂ ਕੋਸ਼ਿਸ਼ਾਂ ’ਚ ਲੱਗਾ ਰਹਿੰਦਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News