ਸ਼ੱਕੀ ਹਾਲਾਤ ''ਚ ਖੇਤ ''ਚੋਂ ਮਿਲਿਆ ਨੌਜਵਾਨ, ਹਸਪਤਾਲ ''ਚ ਹੋਈ ਮੌਤ
Tuesday, Feb 06, 2018 - 06:31 PM (IST)
ਬਲਾਚੌਰ (ਅਸ਼ਵਨੀ)— ਸੋਮਵਾਰ ਸ਼ਾਮ ਇਥੇ ਕੰਗਣਾ ਪੁੱਲ ਨੇੜੇ ਸੁੱਜੋਵਾਲ ਦੇ ਕੱਚੇ ਰਸਤੇ 'ਤੇ ਸ਼ੱਕੀ ਹਾਲਤ 'ਚ ਪਿਆ ਨੌਜਵਾਨ ਮਿਲਿਆ ਸੀ, ਜਿਸ ਦੀ ਬਾਅਦ 'ਚ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦੀਪੁਰ ਨਿਵਾਸੀ ਅਮਰਜੀਤ ਦਾ ਬੇਟਾ ਪ੍ਰਿੰਸ ਜੋ ਇਥੇ ਗੈਸ ਏਜੰਸੀ 'ਚ ਕੰਮ ਕਰਦਾ ਸੀ, ਉਸ ਦਾ ਸੋਮਵਾਰ 3 ਵਜੇ ਦੇ ਕਰੀਬ ਆਪਣੇ ਦਾਦੇ ਸੋਹਣ ਸਿੰਘ ਨੂੰ ਫੋਨ ਆਇਆ ਕਿ ਉਹ ਨੇੜੇ ਕੰਗਣਾ ਪੁੱਲ ਸੁੱਜੋਵਾਲ ਦੇ ਕੱਚੇ ਰਸਤੇ 'ਤੇ ਪਿਆ ਹੈ, ਆ ਕੇ ਮੈਨੂੰ ਲੈ ਜਾਓ। ਫੋਨ ਆਉਣ 'ਤੇ ਪ੍ਰਿੰਸ ਦਾ ਚਾਚਾ ਅਮਰੀਕ ਸਿੰਘ ਅਤੇ ਉਸ ਦਾ ਇਕ ਸਾਥੀ ਕੰਗਣਾ ਪੁੱਲ ਪੁੱਜੇ। ਉਥੇ ਕੱਚੇ ਰਸਤੇ ਵਿਚ ਪਿਆ ਪ੍ਰਿੰਸ ਪੇਟ ਦਰਦ ਨਾਲ ਤੜਫ ਰਿਹਾ ਸੀ, ਉਸ ਨੂੰ ਤੁਰੰਤ ਬਲਾਚੌਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਡਾਕਰਟਰਾਂ ਨੇ ਉਸ ਨੂੰ ਨਵਾਂਸ਼ਹਿਰ ਹਸਪਤਾਲ ਭੇਜ ਦਿੱਤਾ।
ਨਵਾਂਸ਼ਹਿਰ ਵਾਲਿਆਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀ. ਜੀ. ਆਈ. ਲੈ ਜਾਣ ਲਈ ਕਿਹਾ। ਪ੍ਰਿੰਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਨਵਾਂਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਮੰਗਲਵਾਰ ਤੜਕੇ ਪ੍ਰਿੰਸ ਦੀ ਮੌਤ ਹੋ ਗਈ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪ੍ਰਿੰਸ ਕੰਗਣਾ ਪੁੱਲ ਕੱਚੇ ਰਸਤੇ ਕਿਵੇਂ ਪੁੱਜਾ ਅਤੇ ਉਸ ਨਾਲ ਕੀ ਭਾਣਾ ਬੀਤਿਆ? ਪ੍ਰਿੰਸ ਦਾ ਹਾਲੇ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪ੍ਰਿੰਸ ਦੀ ਮ੍ਰਿਤਕ ਸ਼ਰੀਰ ਬਲਾਚੌਰ ਹਸਪਤਾਲ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਹੈ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਹਾਲਤ 'ਚ ਪ੍ਰਿੰਸ ਦੀ ਮੌਤ ਹੋਈ।
