ਦਿਨ ਚੜ੍ਹਦਿਆਂ ਮਲੋਟ 'ਚ ਵਾਪਰੀ ਵੱਡੀ ਘਟਨਾ, ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Thursday, Sep 08, 2022 - 12:49 PM (IST)

ਦਿਨ ਚੜ੍ਹਦਿਆਂ ਮਲੋਟ 'ਚ ਵਾਪਰੀ ਵੱਡੀ ਘਟਨਾ, ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਮਲੋਟ (ਸ਼ਾਮ ਜੁਨੇਜਾ) : ਨੇੜਲੇ ਪਿੰਡ ਔਲਖ ਵਿਚ ਅੱਜ ਸਵੇਰੇ ਇਕ ਇਕ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਪਿੰਡ ਔਲਖ ਵਾਸੀ ਅਮਰਿੰਦਰ ਸਿੰਘ ਪੁੱਤਰ ਗੁਰਦਿੱਤ ਸਿੰਘ ਦਾ ਆਪਣੇ ਘਰ ਵਿਚ ਕੋਈ ਘਰੇਲੂ ਵਿਵਾਦ ਚਲ ਰਿਹਾ ਸੀ। ਜਿਸਦੇ ਚਲਦੇ ਬੀਤੀ ਰਾਤ ਉਸਦੀ ਭੈਣ ਛਿੰਦਰ ਕੌਰ ਵਾਸੀ ਪਿੰਡ ਮਲੋਟ , ਭੂਆ ਦਾ ਮੁੰਡਾ ਗੁਰਧਿਆਨ ਸਿੰਘ ਅਤੇ ਉਸਦੀ ਪਤਨੀ ਸਰਬਜੋਤ ਕੌਰ ਵਾਸੀ ਸਹਿਜੀਪੁਰ ਰਾਜਸਥਾਨ ਉਸ ਨੂੰ ਸਮਝਾਉਣ ਲਈ ਘਰ ਆਏ ਹੋਏ ਸਨ।    

ਇਹ ਵੀ ਪੜ੍ਹੋ- ਕੱਦ ਛੋਟਾ, ਰੁਤਬਾ ਉੱਚਾ, ਜ਼ਿੰਦਾ ਦਿਲੀ ਦੀ ਮਿਸਾਲ ਹੈ 4 ਫੁੱਟ ਦਾ ਸੁਖਪ੍ਰੀਤ, ਹੌਂਸਲਾ ਅਜਿਹਾ ਕਿ ਤੁਸੀਂ ਕਰੋਗੇ ਸਲਾਮ

ਸੂਤਰਾਂ ਮੁਤਾਬਕ ਅੱਜ ਸਵੇਰੇ ਅਮਰਿੰਦਰ ਸਿੰਘ ਨੇ ਘਰ ਵਿਚ ਸੁੱਤੇ ਪਰਿਵਾਰਕ ਮੈਂਬਰਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ । ਜਿਸ ਵਿਚ ਉਸਦੀ ਮਾਤਾ ਜਸਵੀਰ ਕੌਰ,ਭੈਣ ਛਿੰਦਰ ਕੌਰ, ਭੂਆ ਦਾ ਮੁੰਡਾ ਗੁਰਧਿਆਨ ਸਿੰਘ ਅਤੇ ਉਸਦੀ ਪਤਨੀ ਸਰਬਜੋਤ ਕੌਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਘਟਨਾ ਦੌਰਾਨ ਅਮਰਿੰਦਰ ਦੀ ਪਤਨੀ ਤੇ ਪਿਤਾ ਨੇ ਭੱਜ ਕੇ ਜਾਨ ਬਚਾਈ। ਪਰਿਵਾਰ 'ਤੇ ਹਮਲਾ ਕਰਨ ਤੋਂ ਬਾਅਦ ਤੈਸ਼ 'ਚ ਆਏ ਅਮਰਿੰਦਰ ਸਿੰਘ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸਰਬਜੋਤ ਕੌਰ ਦੀ ਹਸਪਤਾਲ ਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਮ੍ਰਿਤਕ ਅਮਰਿੰਦਰ ਸਿੰਘ ਵਿਆਹਾ ਸੀ ਅਤੇ ਉਸ ਦੀ 9 ਸਾਲਾਂ ਦੀ ਬੱਚੀ ਵੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਅਮਰਿੰਦਰ ਨੂੰ 10 ਸਾਲ ਪਹਿਲਾਂ ਕਤਲ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਜੇਲ੍ਹ 'ਚ ਬੰਦ ਸੀ। ਇਨ੍ਹੀ ਦਿਨੀਂ ਉਹ ਜ਼ਮਾਨਤ 'ਤੇ ਘਰ ਆਇਆ ਹੋਇਆ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News