ਸਹੁਰਿਆਂ ਵੱਲੋਂ ਜਵਾਈ ਦੀ ਕੁੱਟ-ਮਾਰ
Saturday, Feb 24, 2018 - 08:07 AM (IST)

ਗਿੱਦੜਬਾਹਾ (ਕੁਲਭੂਸ਼ਨ) - ਮਲੋਟ ਦੀ ਅਦਾਲਤ ਵਿਚ ਪੇਸ਼ੀ ਭੁਗਤਨ ਗਏ ਨੌਜਵਾਨ ਦੀ ਉਸਦੇ ਸਹੁਰਿਆਂ ਵੱਲੋਂ ਕੀਤੀ ਕੁੱਟ-ਮਾਰ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ 'ਤੇ ਗਿੱਦੜਬਾਹਾ ਵਾਸੀ ਰਾਜੇਸ਼ ਕੁਮਾਰ ਨੇ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।
ਵਾਰਡ ਨੰਬਰ 2 ਅੰਬੇਡਕਰ ਨਗਰ ਨਿਵਾਸੀ ਰਾਜੇਸ਼ ਕੁਮਾਰ ਪੁੱਤਰ ਰਾਮ ਅਵਤਾਰ ਨੇ ਦੱਸਿਆ ਕਿ ਉਸ ਦਾ ਵਿਆਹ 13 ਫਰਵਰੀ 2007 ਨੂੰ ਸੁਸ਼ਮਾ ਪੁੱਤਰੀ ਮੋਹਨ ਲਾਲ ਵਾਸੀ ਮਲੋਟ ਨਾਲ ਹੋਇਆ ਸੀ। ਵਿਆਹ ਤੋਂ ਕਰੀਬ 3 ਸਾਲ ਬਾਅਦ ਉਸ ਨੇ ਮੇਰੇ ਨਾਲ ਲੜਨਾ ਝਗੜਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਣ ਦੀ ਬਜਾਏ ਉਹ ਆਪਣੇ ਪੇਕੇ ਮਲੋਟ ਚਲੀ ਗਈ ਅਤੇ ਮੇਰੇ ਖਿਲਾਫ਼ ਮਲੋਟ ਵਿਖੇ ਦਾਜ ਮੰਗਣ ਦਾ ਕੇਸ ਕਰਵਾ ਦਿੱਤਾ।
ਉਸ ਨੇ ਦੱਸਿਆ ਕਿ 11 ਜਨਵਰੀ 2018 ਨੂੰ ਜਦ ਉਹ ਮਲੋਟ ਅਦਾਲਤ ਵਿਚ ਪੇਸ਼ੀ ਭੁਗਤ ਕੇ ਵਾਪਸ ਗਿੱਦੜਬਾਹਾ ਜਾ ਰਿਹਾ ਸੀ ਤਾਂ ਮੇਰੀ ਪਤਨੀ ਸੁਸ਼ਮਾ, ਸਾਲੇ ਰਮੇਸ਼ ਕੁਮਾਰ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰ ਕੇ ਮੇਰੇ ਹੱਥ ਦੀ ਹੱਡੀ ਟੁੱਟ ਗਈ ਅਤੇ ਗਰਦਨ 'ਤੇ ਵੀ ਸੱਟਾਂ ਲੱਗੀਆਂ ਅਤੇ ਮੈਂ ਕਰੀਬ 12 ਦਿਨ ਸਿਵਲ ਹਸਪਤਾਲ ਗਿੱਦੜਬਾਹਾ ਰਿਹਾ।
ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਲੋਟ ਪੁਲਸ ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਪਰ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ ਅਤੇ ਕਰੀਬ ਡੇਢ ਮਹੀਨੇ ਦੇ ਸਮੇਂ ਦੌਰਾਨ ਉਸ ਨੂੰ ਥਾਣੇ ਬੁਲਾ ਕੇ ਵਾਰ-ਵਾਰ ਜ਼ਲੀਲ ਕੀਤਾ ਗਿਆ। ਥਾਣਾ ਸਦਰ ਮਲੋਟ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਕਿਹਾ ਕਿ ਉਕਤ ਰਾਜੇਸ਼ ਕੁਮਾਰ ਦੀ ਸ਼ਿਕਾਇਤ 'ਤੇ ਮੁੱਢਲੀ ਜਾਂਚ ਉਪਰੰਤ ਇਸ ਮਾਮਲੇ ਸਬੰਧੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਰਾਜੇਸ਼ ਕੁਮਾਰ ਦੇ ਗਿੱਦੜਬਾਹਾ ਹਸਪਤਾਲ ਵਿਚ ਦਾਖਲ ਹੋਣ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਦੇ ਡਾਕਟਰ ਜਸ਼ਨਪ੍ਰੀਤ ਨੇ ਦੱਸਿਆ ਕਿ ਉਕਤ ਵਿਅਕਤੀ ਕਰੀਬ 12 ਦਿਨ ਹਸਪਤਾਲ ਰਿਹਾ ਸੀ ਅਤੇ ਤਿੰਨ ਡਾਕਟਰਾਂ ਦੇ ਪੈਨਲ ਨੇ ਉਸ ਦੇ ਲੱਗੀਆਂ ਸੱਟਾਂ ਦੀ ਪੁਸ਼ਟੀ ਕੀਤੀ ਸੀ।