ਮਹੰਤ ਨੇ ਪਿੰਡ ਵਾਸੀਆਂ ''ਤੇ ਲਾਏ ਕੁੱਟ-ਮਾਰ ਦੇ ਦੋਸ਼
Monday, Apr 23, 2018 - 08:11 AM (IST)
ਭਾਦਸੋਂ (ਅਵਤਾਰ) - ਬੀਤੇ ਦਿਨੀਂ ਪਿੰਡ ਸਕਰਾਲੀ ਦੇ ਸ਼ਿਵ ਮੰਦਰ ਦੀ ਜ਼ਮੀਨ ਦਾ ਮਾਮਲਾ ਦਿਨੋ-ਦਿਨ ਗਰਮਾਉਂਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿਚ ਡੇਰੇ ਦੇ ਮਹੰਤ ਨਰਾਇਣ ਗਿਰ ਸਮੇਤ ਕਈ ਵਿਅਕਤੀਆਂ 'ਤੇ ਥਾਣਾ ਭਾਦਸੋਂ ਵਿਚ ਕਾਰਵਾਈ ਕੀਤੀ ਗਈ ਸੀ। ਇਸ ਸਬੰਧੀ ਨਰਾਇਣ ਗਿਰ ਨੇ ਦੱਸਿਆ ਕਿ ਜਦੋਂ ਉਹ ਡੇਰੇ ਦੀ ਜ਼ਮੀਨ ਵਿਚ ਸਮੇਤ ਟਰੈਕਟਰ-ਟਰਾਲੀ, ਕੰਬਾਈਨ ਲੈ ਕੇ ਕਣਕ ਵੱਢਣ ਗਏ ਤਾਂ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਪੱਤਰਕਾਰਾਂ ਨੂੰ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਕਿ ਉਕਤ ਜ਼ਮੀਨ ਉਨ੍ਹਾਂ ਦੇ ਜੱਦੀ-ਪੁਸ਼ਤੀ ਕਬਜ਼ੇ ਵਿਚ ਚਲੀ ਆ ਰਹੀ ਹੈ। ਮਾਣਯੋਗ ਅਦਾਲਤ ਨਾਭਾ ਨੇ ਪਿੰਡ ਦੇ ਵਿਅਕਤੀਆਂ ਖਿਲਾਫ ਸਟੇਅ ਆਰਡਰ ਜਾਰੀ ਕੀਤਾ ਹੋਇਆ ਹੈ।
ਮਹੰਤ ਨਰਾਇਣ ਗਿਰ ਨੇ ਦੱਸਿਆ ਕਿ ਬੀਤੇ ਦਿਨੀਂ ਭਾਦਸੋਂ ਪੁਲਸ ਵੱਲੋਂ ਉਨ੍ਹਾਂ ਨੂੰ ਉਕਤ ਜ਼ਮੀਨ 'ਤੇ ਆ ਕੇ ਕਣਕ ਵੱਡਣ ਤੋਂ ਰੋਕਿਆ ਅਤੇ ਪੁਲਸ ਉਨ੍ਹਾਂ ਨੂੰ ਜ਼ਬਰਦਸਤੀ ਥਾਣੇ ਲੈ ਗਏ। ਪੁਲਸ ਵੱਲੋਂ ਸਾਡੀ ਕੰਬਾਈਨ ਤੇ ਟਰੈਕਟਰ-ਟਰਾਲੀ ਵੀ ਕਬਜ਼ੇ ਵਿਚ ਲਏ ਗਏ ਸਨ। ਜਦੋਂ ਸਾਨੂੰ ਕੰਬਾਈਨ ਵਾਪਸ ਕੀਤੀ ਤਾਂ ਪਿੰਡ ਵਾਸੀਆਂ ਨੇ ਕੰਬਾਈਨ ਦੇ ਇੰਜਣ ਵਿਚ ਕੋਈ ਕੈਮੀਕਲ ਪਾ ਕੇ ਇੰਜਣ ਖਰਾਬ ਕਰ ਦਿੱਤਾ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਜਦੋਂ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਮਹੰਤ ਖਿਲਾਫ ਸ਼ਿਕਾਇਤ ਆਈ ਸੀ ਕਿ ਉਹ ਧੱਕੇ ਨਾਲ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਵਿਚੋਂ ਕਣਕ ਵੱਢ ਰਿਹਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਣਕ ਵੱਢਣ ਤੋਂ ਰੋਕ ਦਿੱਤਾ। ਅਦਾਲਤ ਵੱਲੋਂ ਮੌਕੇ ਦਾ ਮੁਆਇਨਾ ਕਰਨ ਸਬੰਧੀ ਲੋਕਲ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਦੀ ਰਿਪੋਰਟ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
