ਜਲੰਧਰ: ਦਿਵਿਆਂਗ ਨਾਲ ਕੁੱਟਮਾਰ ਕਰਨ ਵਾਲੇ ਏ. ਐੱਸ. ਆਈ. ’ਤੇ ਡਿੱਗੀ ਗਾਜ, ਹੋਇਆ ਸਸਪੈਂਡ
Saturday, Jun 12, 2021 - 06:04 PM (IST)
ਜਲੰਧਰ— ਇਥੋਂ ਦੀ ਬਸਤੀ ਬਾਵਾ ਖੇਲ ’ਚ ਦਿਵਿਆਂਗ ਨਾਲ ਕੁੱਟਮਾਰ ਕਰਨ ਵਾਲੇ ਏ. ਐੱਸ. ਆਈ. ’ਤੇ ਪੁਲਸ ਮਹਿਕਮੇ ਨੇ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਏ. ਐੱਸ. ਆਈ. ਰਘੁਵੀਰ ਸਿੰਘ ਨੂੰ ਪੁਲਸ ਮਹਿਕਮੇ ਨੇ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕਬੀਰ ਵਿਹਾਰ ਦੇ ਰਹਿਣ ਵਾਲੇ ਇਕ ਦਿਵਿਆਂਗ ਨੂੰ ਰਿਸ਼ਵਤ ਨਾ ਦੇਣ ’ਤੇ ਏ. ਐੱਸ. ਆਈ. ਰਘੁਵੀਰ ਸਿੰਘ ਨੇ ਲੱਤਾਂ ਅਤੇ ਮੁੱਕਿਆਂ ਨਾਲ ਕੁੱਟ ਦਿੱਤਾ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਏ. ਐੱਸ. ਆਈ. ਨੇ ਕੁੜੀ 'ਤੇ ਸਰੀਰਕ ਸੰਬੰਧ ਬਣਾਉਣ ਦਾ ਪਾਇਆ ਦਬਾਅ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਦਿਵਿਆਂਗ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਸਲਿੰਦਰ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਹੋਇਆ ਸੀ। ਇਸੇ ਸਿਲਸਿਲੇ ’ਚ ਏ. ਐੱਸ. ਆਈ. ਰਘੁਵੀਰ ਸਿੰਘ ਉਸ ਕੋਲੋਂ ਪੁੱਛਗਿੱਛ ਕਰਨ ਲਈ ਆਇਆ ਸੀ ਅਤੇ ਉਸ ’ਤੇ ਹੀ ਚੋਰੀ ਦੇ ਦੋਸ਼ ਲਗਾ ਰਿਹਾ ਸੀ। ਇੰਨਾ ਹੀ ਨਹੀਂ ਏ. ਐੱਸ. ਆਈ. ਨੇ ਉਸ ਕੋਲੋਂ ਰਿਸ਼ਵਤ ਵੀ ਮੰਗੀ ਸੀ। ਜਦੋਂ ਉਸ ਨੇ ਰਿਸ਼ਵਤ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਏ. ਐੱਸ. ਆਈ. ਰਘੁਵੀਰ ਸਿੰਘ ਨੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: 4 ਸਾਲਾ ਬੱਚੇ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਬੋਰੀ ’ਚ ਬੰਦ ਕਰਕੇ ਕਮਰੇ ’ਚ ਲੁਕਾ ਕੇ ਰੱਖੀ
ਪੀੜਤ ਨੇ ਪੁਲਸ ਕਮਿਸ਼ਨਰ ਤੋਂ ਮਦਦ ਦੀ ਗੁਹਾਰ ਲਗਾਈ ਸੀ। ਪੀੜਤ ਨੇ ਦੋਸ਼ ਲਗਾਇਆ ਸੀ ਕਿ ਪੁਲਸ ਉਸ ਨਾਲ ਕੋਈ ਵੀ ਧੱਕੇਸ਼ਾਹੀ ਕਰ ਸਕਦੀ ਹੈ। ਸ਼ਿਕਾਇਤ ਮਿਲਣ ’ਤੇ ਨੈਸ਼ਨਲ ਐੱਸ. ਸੀ. ਕਮਿਸ਼ਨ ਨੇ ਪੁਲਸ ਮਹਿਕਮੇ ਨੂੰ ਇਸ ਮਾਮਲੇ ਦੀ ਜਾਂਚ ਅਤੇ ਕਾਰਵਾਈ ਕਰਕੇ ਰਿਪੋਰਟ ਦੇਣ ਨੂੰ ਕਿਹਾ ਸੀ। ਇਸ ਦੇ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ। ਫਿਰ ਵੀ ਰਿਪੋਰਟ ਨਾ ਮਿਲੀ ਤਾਂ ਕਮਿਸ਼ਨ ਨੇ ਪੁਲਸ ਕਮਿਸ਼ਨਰ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਨੂੰ ਨਿੱਜੀ ਤੌਰ ’ਤੇ ਅੱਗੇ ਤਲਬ ਕਰਨ ਦੀ ਚੇਤਾਵਨੀ ਦਿੱਤੀ ਸੀ। ਹੁਣ ਪੁਲਸ ਨੇ ਏ. ਐੱਸ. ਆਈ. ’ਤੇ ਕਾਰਵਾਈ ਕਰਦੇ ਹੋਏ ਏ. ਐੱਸ. ਆਈ. ਨੂੰ ਮੁਅੱਤਲ ਕਰ ਦਿੱਤਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ