ਆਰਥਿਕ ਤੰਗੀ ਕਾਰਨ ਨੌਜਵਾਨ ਨੇ ਲਿਆ ਫਾਹਾ
Friday, Mar 09, 2018 - 07:52 AM (IST)
ਮਲੋਟ (ਜੁਨੇਜਾ, ਜੱਜ) - ਪਿੰਡ ਮਲੋਟ ਦੇ ਸੰਤ ਨਗਰ ਵਿਚ 25 ਸਾਲਾ ਰਾਜ ਮਿਸਤਰੀ ਵੱਲੋਂ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਪਤਾ ਲੱਗਾ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਸਦਰ ਮਲੋਟ ਦੇ ਐਡੀਸ਼ਨਲ ਐੱਸ. ਐੱਚ. ਓ. ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਮਲੋਟ ਦੇ ਸੰਤ ਨਗਰ ਦੇ ਨਿਵਾਸੀ ਆਦਿ ਰਾਮ ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਲੜਕਾ ਰਣਬੀਰ ਉਰਫ ਬਬਲੂ ਰਾਜ ਮਿਸਤਰੀ (ਮਕਾਨ ਉਸਾਰੀ) ਦਾ ਕੰਮ ਕਰਦਾ ਸੀ। ਬੁੱਧਵਾਰ ਸਵੇਰੇ ਕੰਮ 'ਤੇ ਗਿਆ ਪਰ ਰਾਤ ਨੂੰ ਘਰ ਵਾਪਸ ਨਹੀਂ ਆਇਆ। ਸਵੇਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇਕ ਨੌਜਵਾਨ ਦੀ ਲਾਸ਼ ਪਿੰਡ ਦੇ ਕਿਸਾਨ ਭੁਪਿੰਦਰ ਸਿੰਘ ਦੇ ਖੇਤ ਵਿਚ ਲੱਗੇ ਪਾਵਰਕਾਮ ਦੇ ਖੰਭੇ ਨਾਲ ਲਮਕ ਰਹੀ ਹੈ, ਜਿਸ 'ਤੇ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਹ ਉਸ ਦਾ ਲੜਕਾ ਬਬਲੂ ਸੀ ਅਤੇ ਇਸ ਦੀ ਸੂਚਨਾ ਥਾਣਾ ਸਦਰ ਮਲੋਟ ਨੂੰ ਦਿੱਤੀ।
