ਖੇਤ ਮਜ਼ਦੂਰ ਨੇ ਮੂੰਹ ਦੇ ਕੈਂਸਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
Sunday, Sep 17, 2017 - 07:57 AM (IST)
ਸ੍ਰੀ ਮੁਕਤਸਰ ਸਾਹਿਬ (ਦਰਦੀ, ਸੁਖਪਾਲ) - ਪਿੰਡ ਭਾਗਸਰ ਦੇ ਇਕ ਵਿਅਕਤੀ ਪਿਆਰਾ ਰਾਮ ਪੁੱਤਰ ਬੋਹੜ ਰਾਮ ਜੋ ਕਿ ਖੇਤ ਮਜ਼ਦੂਰ ਦੱਸਿਆ ਜਾਂਦਾ ਹੈ, ਨੇ ਆਰਥਿਕ ਤੰਗੀ ਅਤੇ ਕੈਂਸਰ ਰੋਗ ਤੋਂ ਪੀੜਤ ਹੋਣ ਕਾਰਨ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਉਸ ਨੇ ਆਰਥਿਕ ਸਹਾਇਤਾ ਲਈ ਸਰਕਾਰੀ ਦਫਤਰਾਂ 'ਚ ਕਈ ਵਾਰ ਫਰਿਆਦ ਕੀਤੀ ਪਰ ਉਸ ਦੀ ਇਹ ਫਰਿਆਦ ਕਿਸੇ ਨੇ ਨਾ ਸੁਣੀ, ਜਿਸ ਕਾਰਨ ਉਸ ਨੇ ਇਹ ਰਸਤਾ ਅਪਣਾਇਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਖੇਤ ਮਜ਼ਦੂਰ ਪਿਛਲੇ ਡੇਢ ਸਾਲ ਤੋਂ ਮੂੰਹ ਦੇ ਕੈਂਸਰ ਤੋਂ ਪੀੜਤ ਸੀ। ਉਹ ਮਜ਼ਦੂਰੀ ਕਰ ਕੇ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਸੀ। ਚਾਰ ਬੱਚਿਆਂ ਵਾਲੇ ਪਰਿਵਾਰ ਨੂੰ ਪਾਲਣ ਦੀ ਜ਼ਿੰਮੇਵਾਰੀ ਉਸੇ ਦੇ ਸਿਰ ਸੀ। ਉਸ ਨੇ ਆਰਥਿਕ ਸਹਾਇਤਾ ਲਈ ਸਰਕਾਰੇ-ਦਰਬਾਰੇ ਬਹੁਤ ਗੁਹਾਰ ਲਾਈ ਪਰ ਕਿਸੇ ਸਰਕਾਰ ਨੇ ਉਸ ਦੀ ਬਾਂਹ ਨਾ ਫੜੀ। ਪੀੜਤ ਮਜ਼ਦੂਰ ਕਰਜ਼ਾ ਚੁੱਕ ਕੇ ਆਪਣਾ ਇਲਾਜ ਕਰਵਾਉਂਦਾ ਰਿਹਾ ਪਰ ਉਸ ਦੀ ਬੀਮਾਰੀ ਠੀਕ ਨਾ ਹੋਈ। ਅੰਤ ਗਰੀਬੀ ਤੇ ਤੰਗੀ ਦੀ ਹਾਲਤ ਨਾ ਸਹਾਰਦਿਆਂ ਉਸ ਨੇ ਬੀਤੀ ਸਵੇਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਜਾ ਕੇ ਖੁਦਕੁਸ਼ੀ ਕਰ ਲਈ।