ਮੋਹਾਲੀ ਪੁਲਸ ਵੱਲੋਂ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ ਅਸਲੇ ਸਣੇ ਗ੍ਰਿਫ਼ਤਾਰ

Tuesday, Jun 08, 2021 - 04:00 PM (IST)

ਮੋਹਾਲੀ ਪੁਲਸ ਵੱਲੋਂ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ ਅਸਲੇ ਸਣੇ ਗ੍ਰਿਫ਼ਤਾਰ

ਮੋਹਾਲੀ (ਪਰਦੀਪ, ਅਮਰਦੀਪ) : ਮੋਹਾਲੀ ਦੇ ਸੀਨੀਅਰ ਪੁਲਸ ਕਪਤਾਨ ਸਤਿੰਦਰ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਵੱਲੋਂ ਮਾੜੇ ਅਨਸਰਾ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹਥਿਆਰ ਸਪਲਾਈ ਕਰਨ ਵਾਲੇ ਨੌਜਵਾਨ ਮੁਹੰਮਦ ਸਾਹਰੁੱਖ ਉਰਫ਼ ਨੀਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ. ਐਸ. ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ. ਆਈ. ਏ ਸਟਾਫ਼ ਮੋਹਾਲੀ ਦੀ ਪੁਲਸ ਪਾਰਟੀ ਸ਼ੱਕੀ ਵਿਅਕਤੀਆ ਦੀ ਤਲਾਸ਼ ਸਬੰਧੀ ਗਸ਼ਤ ਕਰਦੀ ਹੋਈ ਖਰੜ ਤੋਂ ਲਾਂਡਰਾ ਰੋਡ 'ਤੇ ਜਾ ਰਹੀ ਸੀ।

ਜਦੋਂ ਪੁਲਸ ਪਿੰਡ ਸੰਤੇਮਾਜਰਾ ਨੇੜੇ ਗੁਰਦੁਆਰਾ ਸਾਹਿਬ ਬੱਸ ਅੱਡੇ ਕੋਲ ਪੁੱਜੀ ਤਾਂ ਇੱਕ ਨੌਜਵਾਨ ਬੱਸ ਅੱਡੇ ਦੇ ਸ਼ੈਲਟਰ ਵਿੱਚ ਪਲਾਸਟਿਕ ਦਾ ਝੋਲਾ ਲੈ ਕੇ ਖੜ੍ਹਾ ਸੀ। ਉਸ ਨੂੰ ਸ਼ੱਕੀ ਹਾਲਤ ਵਿੱਚ ਖੜ੍ਹੇ ਹੋਣ 'ਤੇ ਪੁਲਸ ਨੇ ਉਸ ਦੀ ਚੈਕਿੰਗ ਕੀਤੀ। ਇਸ ਦੌਰਾਨ ਨੌਜਵਾਨ ਇੱਕਦਮ ਪਿੰਡ ਸੰਤੇਮਾਜਰਾ ਵੱਲ ਨੂੰ ਭੱਜਣ ਲੱਗਾ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ। ਫੜ੍ਹੇ ਗਏ ਵਿਅਕਤੀ ਕੋਲੋਂ 5 ਪਿਸਤੌਲਾਂ .32 ਬੋਰ, 9 ਮੈਗਜ਼ੀਨ ਅਤੇ 3 ਦੇਸੀ ਕੱਟੇ .315 ਬੋਰ ਬਰਾਮਦ ਕੀਤੇ ਗਏ। ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ 'ਤੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਥਾਣਾ ਮੁਜ਼ੱਫਰਨਗਰ ਵਿਖੇ ਦਰਜ ਹੋਣ 'ਤੇ ਉਹ ਮੁਜ਼ੱਫਰਨਗਰ ਜੇਲ੍ਹ ਵਿੱਚ ਕਰੀਬ 6 ਮਹੀਨੇ ਬੰਦ ਰਿਹਾ ਹੈ।

ਉਸ ਨੇ ਦੱਸਿਆ ਕਿ ਉਹ ਪਹਿਲਾਂ ਆਪਣੇ ਪਿੰਡ ਦੇ ਬਿਜਲੀ ਦੇ ਠੇਕੇਦਾਰ ਕੋਲ ਵੈਲਡਿੰਗ ਦਾ ਕੰਮ ਕਰਦਾ ਸੀ, ਜਿੱਥੇ ਉਸ ਨੂੰ 10,000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਤਨਖ਼ਾਹ ਮਿਲਦੀ ਸੀ। ਦੋਸ਼ੀ ਨੇ ਇਹ ਵੀ ਦੱਸਿਆ ਕਿ ਉਸ ਨੇ ਯੂ. ਪੀ., ਬਿਹਾਰ, ਗੁਜਰਾਤ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਠੇਕੇਦਾਰਾਂ ਨਾਲ ਵੈਲਡਿੰਗ ਦਾ ਕੰਮ ਕੀਤਾ ਹੈ। ਪੁਲਸ ਵੱਲੋਂ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਪਤਾ ਲੱਗ ਸਕੇ ਉਸ ਨੇ ਹੁਣ ਤੱਕ ਕਿੰਨੇ ਪਿਸਤੌਲ ਕਿੱਥੇ-ਕਿੱਥੇ ਅਤੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕੀਤੇ ਹਨ। ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। 


author

Babita

Content Editor

Related News