ਫਿਰੋਜ਼ਪੁਰ ਪੁਲਸ ਨੇ ਵਿਅਕਤੀ ਨੂੰ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕੀਤਾ ਕਾਬੂ
Saturday, Aug 03, 2024 - 05:19 PM (IST)
ਫਿਰੋਜ਼ਪੁਰ (ਕੁਮਾਰ) : ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ.ਆਈ ਗੁਰਦੇਵ ਸਿੰਘ ਦੀ ਅਗਵਾਈ ਹੇਠ ਇੱਕ ਵਿਅਕਤੀ ਨੂੰ 20,000 ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀਆਂ ਹਦਾਇਤਾਂ ਅਨੁਸਾਰ ਜਦੋਂ ਸਬ ਇੰਸਪੈਕਟਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਫਿਰੋਜ਼ਪੁਰ ਦੀ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਜਸਕਰਨ ਸਿੰਘ ਉਰਫ਼ ਰਾਜਨ ਪੁੱਤਰ ਹਰਜਿੰਦਰ ਸਿੰਘ ਕਥਿਤ ਰੂਪ ਵਿੱਚ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ ਵਿੱਚ ਸਪਲਾਈ ਕਰਦਾ ਹੈ।
ਉਹ ਇਸ ਵੇਲੇ ਪਿੰਡ ਸਤੀਏਵਾਲਾ ਤੋਂ ਮੱਲਵਾਲ ਬਜੀਦਪੁਰ ਨੂੰ ਜਾਂਦੀ ਸੜਕ ’ਤੇ ਕਿਸੇ ਵਿਅਕਤੀ ਨੂੰ ਜਾਅਲੀ ਕਰੰਸੀ ਦੇਣ ਲਈ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਛਾਪੇਮਾਰੀ ਕਰਦੇ ਨਾਮਜ਼ਦ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੇ ਕੋਲੋਂ ਤਲਾਸ਼ੀ ਦੌਰਾਨ 20,000 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਪੁਲਸ ਵੱਲੋਂ ਦੋਸ਼ੀ ਖ਼ਿਲਾਫ਼ ਕੁਲਗੜ੍ਹੀ ਵਿੱਚ ਮੁਕੱਦਮਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਸ ਨੇ ਹੁਣ ਤੱਕ ਕਿੰਨੀ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ ’ਚ ਚਲਾਈ ਹੈ।