ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਉਣ ਮਗਰੋਂ ਫਿਰ ਵੇਚਣੀ ਸ਼ੁਰੂ ਕੀਤੀ ਹੈਰੋਇਨ, ਗ੍ਰਿਫ਼ਤਾਰ
Saturday, Jul 15, 2023 - 03:29 PM (IST)
ਲੁਧਿਆਣਾ (ਬੇਰੀ) : ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਇਕ ਮੁਲਜ਼ਮ ਨੂੰ ਐਂਟੀ ਨਾਰਕੋਟਿਕਸ ਸੈੱਲ-2 ਦੀ ਪੁਲਸ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮ ਪੀਰੂਬੰਦਾ ਮੁਹੱਲੇ ਦਾ ਰਹਿਣ ਵਾਲਾ ਜਸਕਰਨ ਸਿੰਘ ਉਰਫ਼ ਜਸ਼ਨ ਹੈ। ਉਸ ਦੇ ਕਬਜ਼ੇ ’ਚੋਂ 50 ਹਜ਼ਾਰ ਹੈਰੋਇਨ ਇਕ ਇਲੈਕਟ੍ਰਾਨਿਕ ਕੰਡਾ ਅਤੇ ਲਿਫ਼ਾਫ਼ੇ ਬਰਾਮਦ ਕੀਤੇ ਹਨ। ਥਾਣਾ ਸਲੇਮ ਟਾਬਰੀ ’ਚ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਅਤੇ ਏ. ਸੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ-2 ਦੇ ਇੰਸ. ਅੰਮ੍ਰਿਤਪਾਲ ਗਰੇਵਾਲ ਦੀ ਅਗਵਾਈ ’ਚ ਪੁਲਸ ਪਾਰਟੀ ਟੀਮ ਨੇ ਪੀਰੂਬੰਦਾ ਮੁਹੱਲੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਜਸਕਰਨ ਹੈਰੋਇਨ ਵੇਚਦਾ ਹੈ, ਜੋ ਕਿ ਮੋਟਰਸਾਈਕਲ ’ਤੇ ਸਪਲਾਈ ਕਰਨ ਜਾ ਰਿਹਾ ਹੈ।
ਪੁਲਸ ਨੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਕੀਤੀ ਹੈ। ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ’ਤੇ ਪਹਿਲਾਂ ਵੀ ਥਾਣਾ ਸਲੇਮ ਟਾਬਰੀ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ 3 ਮਾਮਲੇ ਦਰਜ ਹਨ। ਮੁਲਜ਼ਮ ਕੁੱਝ ਮਹੀਨੇ ਪਹਿਲਾਂ ਹੀ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਹੈ, ਜਿੱਥੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।