ਫਾਈਨਾਂਸਰ ’ਤੇ ਹਮਲਾ ਕਰਨ ਵਾਲਾ ਇਕ ਗ੍ਰਿਫਤਾਰ, ਕੀਤੇ ਕਈ ਖੁਲਾਸੇ
Sunday, May 24, 2020 - 03:45 PM (IST)
ਸਾਹਨੇਵਾਲ/ਕੁਹਾੜਾ (ਜਗਰੂਪ) : ਬੀਤੇ ਦਿਨੀਂ ਚੌਕੀ ਕੰਗਣਵਾਲ ਦੇ ਇਲਾਕੇ ’ਚ ਇਕ ਫਾਈਨਾਂਸ ਦਾ ਕੰਮ ਕਰਨ ਵਾਲੇ ਨੌਜਵਾਨ 'ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਪੁਲਸ ਨੇ ਇਕ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਰੁਪੇਸ਼ ਕੁਮਾਰ ਪੁੱਤਰ ਪ੍ਰਮੋਦ ਗਿਰੀ ਵਾਸੀ ਕੇਸਰ ਨਗਰ, ਲੁਹਾਰਾ ਰੋਡ, ਲੁਧਿਆਣਾ ਦੇ ਰੂਪ ’ਚ ਹੋਈ ਹੈ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਨਾਗਮਣੀ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ, ਜਿਨ੍ਹਾਂ ਦਾ ਬੀਤੀ 25 ਅਪ੍ਰੈਲ ਤੋਂ ਪਹਿਲਾਂ ਵੀ ਝਗੜਾ ਹੋਇਆ ਸੀ ਅਤੇ ਦੋਵਾਂ ਧਿਰਾਂ ਖਿਲਾਫ ਕਰਾਸ ਮੁਕੱਦਮਾ ਦਰਜ ਹੋਇਆ ਸੀ।
ਰੁਪੇਸ਼ ਨੇ ਪੁਲਸ ਨੂੰ ਦੱਸਿਆ ਕਿ ਇਸ ਦੇ ਬਾਅਦ ਨਾਗਮਣੀ ਉਨ੍ਹਾਂ ਨੂੰ ਫੋਨ ਕਰ ਕੇ ਧਮਕੀਆਂ ਦਿੰਦਾ ਸੀ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਘਟਨਾ ਨੂੰ ਅੰਜ਼ਾਮ ਦਿੱਤਾ। ਥਾਣਾ ਮੁਖੀ ਬੋਪਾਰਾਏ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰੁਪੇਸ਼ ਨੇ ਮੰਨਿਆ ਕਿ ਆਪਣੇ ਸਾਥੀ ਗਗਨਦੀਪ ਸਿੰਘ ਗੱਗੂ, ਅਮਨ ਸੈਣੀ ਸੀਸੀ ਅਤੇ ਦਲੀਪ ਦੇ ਨਾਲ ਮਿਲ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਰੁਪੇਸ਼ ਨੂੰ ਮੁਖਬਰੀ ਤੋਂ ਬਾਅਦ ਜਸਪਾਲ ਬਾਂਗਰ ਰੋਡ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।