ਕਰੋੜਾਂ ਦੀ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫਤਾਰ
Sunday, Aug 13, 2017 - 08:28 AM (IST)
ਮੋਹਾਲੀ (ਰਾਣਾ) - ਚੰਡੀਗੜ੍ਹ ਵਿਚ ਹੈਰੋਇਨ ਸਪਲਾਈ ਕਰਨ ਜਾ ਰਹੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਨਵਾਂਗਰਾਓਂ ਥਾਣਾ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਮੁਲਜ਼ਮਾਂ ਕੋਲੋਂ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਨਿਵਾਸੀ ਪਿੰਡ ਬੋਪਾਰਾਏ ਥਾਣਾ ਲੋਪੋਕੇ ਜ਼ਿਲਾ ਅੰਮ੍ਰਿਤਸਰ ਤੇ ਗੁਰਚਰਨ ਸਿੰਘ ਨਿਵਾਸੀ ਪਿੰਡ ਮਾਹਲ ਥਾਣਾ ਕੰਬੋਆ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ।
ਉਥੇ ਹੀ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਮੁਲਜ਼ਮਾਂ ਤੋਂ ਮਿਲੀ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਪੁਲਸ ਨੇ ਸ਼ਹਿਰ ਦੀ ਸੁਰੱਖਿਆ ਵਧਾਈ ਹੋਈ ਹੈ। ਇਸੇ ਦੌਰਾਨ ਪੁਲਸ ਦੀ ਇਕ ਟੀਮ ਨਵਾਂ ਗਰਾਓਂ ਨਾਡਾ ਰੋਡ 'ਤੇ ਗਸ਼ਤ ਕਰ ਰਹੀ ਸੀ. ਉਦੋਂ ਹੀ ਮੁਲਜ਼ਮ ਪੁਲ ਵੱਲ ਪੈਦਲ ਆ ਰਹੇ ਸਨ। ਸਾਹਮਣੇ ਪੁਲਸ ਦੀ ਗੱਡੀ ਦੇਖ ਕੇ ਮੁਲਜ਼ਮ ਸੜਕ ਦੇ ਕੰਢੇ ਪਿਸ਼ਾਬ ਕਰਨ ਦੇ ਬਹਾਨੇ ਉਤਰ ਗਏ ਤੇ ਝਾੜੀਆਂ ਵਿਚ ਲੁਕ ਗਏ। ਇਸੇ ਦੌਰਾਨ ਪੁਲਸ ਨੂੰ ਉਨ੍ਹਾਂ 'ਤੇ ਸ਼ੱਕ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਝਾੜੀਆਂ ਵਿਚੋਂ ਦਬੋਚ ਲਿਆ।
ਮੁਲਜ਼ਮਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ ਹੈਰੋਇਨ ਦੀ ਸਮੱਗਲਿੰਗ ਕਰਦੇ ਸਮੇਂ ਪੁਲਸ ਦੀ ਪਕੜ ਵਿਚ ਨਾ ਆਉਣ, ਇਸ ਲਈ ਵੀ ਉਨ੍ਹਾਂ ਨੇ ਆਪਣੇ ਵਲੋਂ ਪੂਰਾ ਪਲਾਨ ਤਿਆਰ ਕੀਤਾ ਹੋਇਆ ਸੀ। ਦੋਵਾਂ ਨੇ ਹੈਰੋਇਨ ਨੂੰ 500-500 ਗ੍ਰਾਮ ਦੇ ਲਿਫਾਫਿਆਂ ਵਿਚ ਰੱਖਿਆ ਹੋਇਆ ਸੀ। ਨਾਲ ਹੀ ਕੱਪੜਿਆਂ ਨਾਲ ਇਸ ਨੂੰ ਲੱਕ ਨਾਲ ਬੰਨ੍ਹਿਆ ਹੋਇਆ ਸੀ। ਮੁਲਜ਼ਮਾਂ ਨੇ ਦੱਸਿਆ ਕਿ ਉਹ ਰਾਤ ਨੂੰ ਹੀ ਹੈਰੋਇਨ ਲੈ ਕੇ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੈਰੋਇਨ ਲੈ ਕੇ ਚੰਡੀਗੜ੍ਹ ਜਾਣਾ ਸੀ। ਇਸ ਲਈ ਉਨ੍ਹਾਂ ਨੇ ਚੰਡੀਗੜ੍ਹ ਬੱਸ ਸਟੈਂਡ, ਪੀ. ਜੀ. ਆਈ. ਹੁੰਦੇ ਹੋਏ ਚੰਡੀਗੜ੍ਹ ਦੇ ਨੇੜੇ ਦੇ ਇਲਾਕਿਆਂ ਵਿਚ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨੀ ਸੀ।
