ਗਗਨਾ ਹਠੂਰ ਗਰੁੱਪ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਦੂਜਾ ਦੋਸ਼ੀ ਵੀ ਕਾਬੂ
Sunday, Aug 13, 2017 - 08:20 AM (IST)
ਬੱਧਨੀ ਕਲਾਂ, ਮੋਗਾ (ਬੱਬੀ, ਆਜਾਦ) - ਗਗਨਾ ਹਠੂਰ ਗਰੁੱਪ ਅਤੇ ਖਤਰਨਾਕ ਗੈਂਗਸਟਰ, ਜਿਹੜੇ ਕਿ ਅਨੇਕਾਂ ਕਤਲਾਂ, ਡਕੈਤੀਆਂ ਅਤੇ ਹੋਰ ਸੰਗੀਨ ਜੁਰਮਾਂ ਵਿਚ ਭਗੌੜੇ ਸਨ, ਨੂੰ ਪਨਾਹ ਦੇਣ ਦੇ ਮਾਮਲੇ 'ਚ ਬੱਧਨੀ ਕਲਾਂ ਪੁਲਸ ਨੇ ਦੂਜੇ ਮੁੱਖ ਦੋਸ਼ੀ ਨੂੰ ਵੀ ਕਾਬੂ ਕਰਨ 'ਚ ਵੱਡੀ ਸਫਲਤਾ ਪ੍ਰਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਬੱਧਨੀ ਕਲਾਂ ਪੁਲਸ ਨੂੰ ਬੀਤੇ ਦਿਨੀਂ ਗੁਪਤ ਸੂਚਨਾ ਮਿਲੀ ਸੀ ਕਿ ਗਗਨਾ ਹਠੂਰ ਗਰੁੱਪ ਦੇ ਗੈਂਗਸਟਰਾਂ ਨੂੰ ਕੁਝ ਵਿਅਕਤੀ ਰਹਿਣ ਲਈ ਜਗ੍ਹਾ ਅਤੇ ਖਾਣ-ਪੀਣ ਤੋਂ ਇਲਾਵਾ ਉਨ੍ਹਾਂ ਲਈ ਵਾਹਨਾਂ ਦਾ ਪ੍ਰਬੰਧ ਵੀ ਕਰਦੇ ਹਨ, ਜਿਸ 'ਤੇ ਬੱਧਨੀ ਕਲਾਂ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਸੀ, ਜਦਕਿ ਦੂਜੇ ਦੋ ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਰਹੇ ਸਨ। ਬੱਧਨੀ ਕਲਾਂ ਪੁਲਸ ਵੱਲੋਂ ਇਨ੍ਹਾਂ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ 'ਚ ਬੱਧਨੀ ਕਲਾਂ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਇਸ ਮਾਮਲੇ ਨਾਲ ਸਬੰਧਿਤ ਦੂਜਾ ਵਿਅਕਤੀ ਕੁਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬੁੱਟਰ ਕਲਾਂ ਰਣੀਆ ਵਾਲੇ ਮੋੜ ਬੱਧਨੀ ਕਲਾਂ ਵਿਖੇ ਖੜ੍ਹਾ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਉਕਤ ਸਥਾਨ 'ਤੇ ਛਾਪਾ ਮਾਰ ਕੇ ਕੁਲਦੀਪ ਸਿੰਘ ਬੁੱਟਰ ਕਲਾਂ ਨੂੰ ਕਾਬੂ ਕਰ ਲਿਆ।
ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਕਿੱਕਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨਾਲ ਸਬੰਧਿਤ ਤੀਜੇ ਦੋਸ਼ੀ ਕਰਨੈਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਦੌਧਰ ਸਰਕੀ ਨੂੰ ਵੀ ਬਹੁਤ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੜੇ ਗਏ ਕਥਿਤ ਦੋਸ਼ੀਆਂ ਤੋਂ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
