ਮਲੋਟ ਵਿਖੇ ਸੁਖਬੀਰ ਸਿੰਘ ਬਾਦਲ ਦੇ ਸਮਾਗਮ ਦੌਰਾਨ ਕਿਸਾਨਾਂ ਵੱਲੋਂ ਰਿਜ਼ੋਰਟ ਦਾ ਘਿਰਾਓ
Monday, Aug 23, 2021 - 03:47 PM (IST)
ਮਲੋਟ ( ਕੁਲਦੀਪ ਸਿੰਘ ਰਿਣੀ) : ਮਲੋਟ ਵਿਖੇ ਅੱਜ ‘ਗੱਲ ਪੰਜਾਬ ਦੀ’ ਪ੍ਰੋਗਰਾਮਾਂ ਤਹਿਤ ਵੱਖ-ਵੱਖ ਪ੍ਰੋਗਰਾਮ ਨੂੰ ਸੰਬੋਧਨ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਜਦ ਪਹਿਲੇ ਪ੍ਰੋਗਰਾਮ ਤੇ ਦਾਣਾ ਮੰਡੀ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਕੁਝ ਸਵਾਲ ਕਰਨੇ ਹਨ। ਇਸ ਦੌਰਾਨ ਕਿਸਾਨਾਂ ਦੀ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਨਾ ਹੋ ਸਕੀ। ਇਸ ਉਪਰੰਤ ਜਦ ਸੁਖਬੀਰ ਸਿੰਘ ਬਾਦਲ ਪਾਰਕ ਸਿਟੀ ਰਿਜੋਰਟ ਵਿਖੇ ਦੂਜੇ ਪ੍ਰੋਗਰਾਮ ਵਿਚ ਪਹੁੰਚੇ ਤਾਂ ਵੱਡੀ ਗਿਣਤੀ ’ਚ ਕਿਸਾਨ ਉੱਥੇ ਪਹੁੰਚ ਗਏ। ਰਿਜੋਰਟ ਦੇ ਬਾਹਰ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।ਕਰੀਬ ਦੋ ਘੰਟੇ ਰਿਜੋਰਟ ਦਾ ਘਿਰਾਓ ਰੱਖਿਆ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਐਲਾਨਿਆ ਉਮੀਦਵਾਰ
ਇਸ ਉਪਰੰਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਵਾਈ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਕਿਸਾਨ ਆਗੂਆਂ ਕੋਲੋਂ ਪ੍ਰਤੀਕਿਰਿਆ ਜਾਣ ਕੇ, ਭਾਜਪਾ ਦੀ ਉੱਚ-ਲੀਡਰਸ਼ਿਪ ਤੱਕ ਪਹੁੰਚਾਉਂਦਾ ਰਿਹਾ। ਉਨ੍ਹਾਂ ਨੂੰ ਦੱਸਿਆ ਕਿ ਕੇਂਦਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸਾ ਦਿੱਤਾ ਜਾਂਦਾ ਰਿਹਾ ਸੀ ਕਿ ਕਿਸਾਨਾਂ ਦੇ ਖ਼ਦਸ਼ੇ ਦੂਰ ਕੀਤੇ ਜਾਣਗੇ। ਅਸੀਂ ਕੇਂਦਰ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਸੀ ਕਿ ਤਿੰਨ ਖੇਤੀ ਆਰਡੀਨੈਂਸਾਂ ਨੂੰ ਇੱਕ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ। ਜਦੋਂ ਉਨ੍ਹਾਂ ਅਜਿਹਾ ਨਹੀਂ ਕੀਤਾ, ਤਾਂ ਅਸੀਂ ਕਿਸਾਨੀ ਹਿੱਤਾਂ ਲਈ ਸੰਸਦ ਵਿੱਚ ਸਖ਼ਤ ਰੁਖ਼ ਅਪਣਾਇਆ।
ਇਹ ਵੀ ਪੜ੍ਹੋ : ਮੋਗਾ: ਰੱਖੜੀ ਮੌਕੇ ਮਾਂ ਨੂੰ ਮਿਲਿਆ ਅਨੋਖਾ ‘ਤੋਹਫਾ’,14 ਵਰ੍ਹੇ ਪਹਿਲਾਂ ਗੁੰਮ ਹੋਏ ਪੁੱਤਰ ਨੂੰ ਦੇਖ ਅੱਖਾਂ ’ਚੋਂ ਵਹਿ ਤੁਰੇ ਹੰਝੂ (ਤਸਵੀਰਾਂ)
ਸ਼੍ਰੋਮਣੀ ਅਕਾਲੀ ਦਲ ਇੱਕੋ-ਇੱਕ ਅਜਿਹੀ ਪਾਰਟੀ ਸੀ, ਜਿਸ ਨੇ ਤਿੰਨ ਖੇਤੀ ਬਿੱਲਾਂ ਵਿਰੁੱਧ ਵੋਟ ਪਾਈ, ਭਾਵੇਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਬਿਲਾਂ ਦਾ ਵਿਰੋਧ ਕਰਨ ਤੋਂ ਕਿਨਾਰਾ ਕਰ ਗਏ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਵੀ ਦਿੱਤਾ, ਅਤੇ ਅਸੀਂ ਐੱਨ.ਡੀ.ਏ. ਗੱਠਜੋੜ ਛੱਡ ਕੇ ਭਾਜਪਾ ਨਾਲੋਂ ਆਪਣੀ ਤਕਰੀਬਨ 3 ਦਹਾਕੇ ਪੁਰਾਣੀ ਸਾਂਝ ਵੀ ਤੋੜੀ। ਉਧਰ ਮੀਟਿੰਗ ਚੋਂ ਬਾਹਰ ਆਏ ਆਗੂਆਂ ’ਚੋਂ ਨਿਰਮਲ ਸਿੰਘ ਜੱਸੇਆਣਾ ਨੇ ਕਿਹਾ ਕਿ ਮੀਟਿੰਗ ’ਚ ਕਿਸਾਨਾਂ ਨੇ ਕਿਹਾ ਕਿ ਜਦ ਤਕ ਕਿਸਾਨ ਸੰਘਰਸ਼ ਚੱਲ ਰਿਹਾ ਉਹ ਅਜਿਹੇ ਰਾਜਸੀ ਸਮਾਗਮ ਨਾ ਕਰਨ ਪਰ ਸੁਖਬੀਰ ਸਿੰਘ ਬਾਦਲ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਵਿਰੋਧ ਜਾਰੀ ਰਹੇਗਾ ਅਤੇ ਗਿੱਦੜਬਾਹਾ ਵਿਖੇ ਭਲਕੇ ਵੀ ਵਿਰੋਧ ਜਾਰੀ ਰਹੇਗਾ।
ਇਹ ਵੀ ਪੜ੍ਹੋ : ਜਦੋਂ ਕਿਸਾਨਾਂ ਨੇ ਘੇਰੀ ਰਾਜਾ ਵੜਿੰਗ ਦੀ ਪਤਨੀ, ਤਾਂ ਗੁੱਸੇ ’ਚ ਆਏ ਵਿਧਾਇਕ ਨੇ ਲਾਈਵ ਹੋ ਕੇ ਕੱਢੀ ਭੜਾਸ (ਵੀਡੀਓ)