ਸ਼ੁਰੂ ਹੋਇਆ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦੇ ਨਵੀਨੀਕਰਨ ਦਾ ਕੰਮ, 18 ਮਹੀਨੇ ਤੱਕ ਹੋ ਜਾਵੇਗੀ ਤਿਆਰ

06/12/2023 3:00:57 PM

ਮਲੋਟ (ਸ਼ਾਮ ਜੁਨੇਜਾ) : ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਨਾਲ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੋਂ ਕਰਵਾਈ। ਇਸ ਮੌਕੇ ਗੱਲ ਕਰਦਿਆਂ ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਸਾਰੇ ਅੜਿੱਕੇ ਦੂਰ ਕਰਕੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ ਇਸ ਨੂੰ ਮਿੱਥੇ 18 ਮਹੀਨੇ ਦੇ ਸਮੇਂ ਵਿਚ ਪੂਰਾ ਕਰਕੇ ਇਲਾਕੇ ਦੇ ਲੋਕਾਂ ਨੂੰ ਇਹ ਸੜਕ ਸਮਰਪਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪਿਓ ਦੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ 18 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਰੋ-ਰੋ ਬੇਸੁਧ ਹੋਏ ਮਾਪੇ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਤੇ 152.58 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸਦੀ ਲੰਬਾਈ 27.660 ਕਿਲੋਮੀਟਰ ਹੋਵੇਗੀ। ਪੇਂਡੂ ਖੇਤਰਾਂ ਵਿਚ ਇਹ 10 ਮੀਟਰ ਅਤੇ ਨਿਰਮਤ ਖੇਤਰਾਂ ਵਿਚ ਇਸਦੀ ਚੌੜਾਈ 12 ਮੀਟਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਸ ਇਲਾਕੇ ਦੇ ਸੜਕੀ ਸੰਪਰਕ ਨੂੰ ਮਜਬੂਤ ਕਰਨ ਦੇ ਨਾਲ-ਨਾਲ ਪੰਜਾਬ ਦੇ ਰਾਜਸਥਾਨ ਨਾਲ ਸੜਕੀ ਸੰਪਰਕ ਨੂੰ ਵੀ ਛੋਟਾ ਕਰੇਗੀ ਅਤੇ ਇਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਮੰਤਰੀ ਬਲਜੀਤ ਕੌਰ ਨੇ ਆਖਿਆ ਕਿ ਪਹਿਲੇ ਪੜਾਅ ਵਿਚ ਸੜਕ ਨੂੰ ਚੌੜਾ ਕਰਨ ਲਈ ਦਰੱਖ਼ਤ ਪੁੱਟਣ ਦਾ ਕੰਮ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਤੁਰੰਤ ਬਾਅਦ ਸੜਕ ਨਿਰਮਾਣ ਕਾਰਜ ਆਰੰਭ ਹੋ ਜਾਣਗੇ।

ਇਹ ਵੀ ਪੜ੍ਹੋ- ਖ਼ੁਦ ਨੂੰ CM ਮਾਨ ਦਾ ਕਰੀਬੀ ਦੱਸ ਕੇ ਪਤੀ-ਪਤਨੀ ਨੇ ਮਾਰੀ ਲੱਖਾਂ ਦੀ ਠੱਗੀ, ਸੱਚ ਸਾਹਮਣੇ ਆਉਣ 'ਤੇ ਉੱਡੇ ਸਭ ਦੇ ਹੋਸ਼

ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਇਹ ਸੜਕ ਦਾ ਹਾਲ ਖਸਤਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸਦੇ ਲਈ ਕੋਈ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੇ ਦੁੱਖਾਂ ਦੀ ਪਿਛਲੇ ਸ਼ਾਸਕਾਂ ਨੇ ਸਾਰ ਨਹੀਂ ਲਈ। ਪਰ ਜਦ ਤੋਂ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ, ਲੋਕਾਂ ਦੇ ਦੁੱਖ-ਦਰਦ ਦੂਰ ਕਰਨ ਵਾਲੀ ਸਰਕਾਰ ਬਣਾਈ ਹੈ, ਉਦੋਂ ਤੋਂ ਹੀ ਉਹ ਇਸ ਸੜਕ ਦੇ ਨਿਰਮਾਣ ਵਿਚ ਆ ਰਹੇ ਅੜਿੱਕੇ ਦੂਰ ਕਰਨ 'ਤੇ ਲੱਗੇ ਹੋਏ ਸਨ ਅਤੇ ਹੁਣ ਜਦ ਸਾਰੀਆਂ ਰੁਕਾਵਟਾਂ ਦੂਰ ਕਰ ਲਈਆਂ ਗਈਆਂ ਹਨ ਤਾਂ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਮਲੋਟ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੀ ਵਧਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਸੜਕ ਦਾ ਕੰਮ ਸ਼ੁਰੂ ਹੋਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News