ਕਿਸਾਨ ਲਈ ਮਸੀਹਾਂ ਬਣ ਬਹੁੜੀ ਪੰਜਾਬ ਪੁਲਸ, ਬਚਾਈ ਜਾਨ

Friday, Feb 21, 2020 - 03:00 PM (IST)

ਕਿਸਾਨ ਲਈ ਮਸੀਹਾਂ ਬਣ ਬਹੁੜੀ ਪੰਜਾਬ ਪੁਲਸ, ਬਚਾਈ ਜਾਨ

ਮਲੋਟ (ਜੁਨੇਜਾ) - ਆਪਣੇ ਕਾਰਨਾਮਿਆਂ ਕਰਕੇ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਸ 'ਚ ਅਜਿਹੇ ਜੁਝਾਰੂ ਅਫਸਰ ਵੀ ਹਨ, ਜੋ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅਜਿਹਾ ਕੁਝ ਪਿੰਡ ਝੌਰੜ 'ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਥਾਣਾ ਸਦਰ ਮਲੋਟ ਦੇ ਮੁੱਖ ਅਫਸਰ ਇੰਸਪੈਕਟਰ ਪਰਮਜੀਤ ਸਿੰਘ ਨੇ ਮਸੀਹਾ ਬਣ ਡਿੱਗੀ 'ਚ ਡਿੱਗੇ ਕਿਸਾਨ ਨੂੰ ਬਚਾ ਲਿਆ। ਜਾਣਕਾਰੀ ਅਨੁਸਾਰ ਪਿੰਡ ਝੋਰੜ ਦਾ ਕਿਸਾਨ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਦੇ ਬਾਹਰ ਬਣੇ ਡਿਸਪੋਜਲ ਪੁਆਇੰਟ ਦੀਆਂ ਪਾਣੀ ਵਾਲੀਆਂ ਡਿੱਗੀਆਂ 'ਚੋਂ ਆਪਣੀ ਫਸਲ ਨੂੰ ਪਾਣੀ ਲਾਉਣ ਲਈ ਖੜਾ ਸੀ। ਇਸ ਦੌਰਾਨ ਉਸ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਉਹ ਡਿੱਗੀ 'ਚ ਜਾ ਡਿੱਗਾ।

ਇਸ ਮੌਕੇ ਉਥੋਂ ਗੱਡੀ 'ਤੇ ਲੰਘ ਰਹੇ ਥਾਣਾ ਸਦਰ ਮਲੋਟ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਕਿਸਾਨ ਨੂੰ ਡਿੱਗਦੇ ਦੇਖ ਲਿਆ ਅਤੇ ਗੱਡੀ ਰੋਕ ਕੇ ਗੰਨਮੈਨਾਂ ਦੀ ਮਦਦ ਨਾਲ ਕਿਸਾਨ ਨੂੰ ਡਿੱਗੀ 'ਚੋਂ ਬਾਹਰ ਕੱਢਿਆ। ਉਨ੍ਹਾਂ ਨੇ ਕਿਸਾਨ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਦਾਖਲ ਕਰਵਾਇਆ, ਜਿਸ ਕਾਰਨ ਉਸ ਦੀ ਜਾਨ ਬਚ ਗਈ।  ਡਾਕਟਰਾਂ ਨੇ ਕਿਹਾ ਕਿ ਜੇਕਰ ਕੁਝ ਹੋਰ ਦੇਰ ਹੋ ਜਾਂਦੀ ਤਾਂ ਕਿਸਾਨ ਦੀ ਜਾਨ ਜਾ ਸਕਦੀ ਸੀ। ਕਿਸਾਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਥਾਣਾ ਮੁਖੀ ਦਾ ਧੰਨਵਾਦ ਕੀਤਾ, ਜਿਸ ਦੀ ਬਦੌਲਤ ਪਰਿਵਾਰ ਲਈ ਕਮਾਊ ਕਿਸਾਨ ਦੀ ਕੀਮਤੀ ਜਾਨ ਬਚ ਗਈ। ਉਧਰ ਇੰਸਪੈਕਟਰ ਪਰਮਜੀਤ ਨੇ ਕਿਹਾ ਕਿ ਉਸ ਨੇ ਆਪਣੀ ਡਿਊਟੀ ਨਿਭਾਈ ਹੈ।


author

rajwinder kaur

Content Editor

Related News