ਸਾਂਝੇ ਪੰਜਾਬ ਦੀ ਏਕਤਾ ਅਤੇ ਸੱਭਿਆਚਾਰ ਦਾ ਝਲਕਾਰਾ ਪੇਸ਼ ਕਰਦਾ ਹੈ ''ਲਕੀਰ'' ਦੇ ਚੜ੍ਹਦੇ ਪਾਸੇ ਵੱਸਿਆ ਇਹ ਸ਼ਹਿਰ

02/25/2017 9:52:42 AM

ਜਲੰਧਰ/ਲਾਹੌਰ (ਲਵਪ੍ਰੀਤ ਕੌਰ)— ਭਾਰਤ-ਪਾਕਿ ਵੰਡ ਨੂੰ ਅੱਜ 69 ਸਾਲ ਬੀਤ ਚੁੱਕੇ ਹਨ। ਸਾਲ 1947 ''ਚ ਭਾਰਤ ਦੀ ਧਰਤੀ ''ਤੇ ਅਜਿਹੀ ਲਕੀਰ ਖਿੱਚੀ ਗਈ, ਜਿਸ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਨੂੰ ਦੋ ਹਿੱਸਿਆਂ ''ਚ ਵੰਡ ਦਿੱਤਾ। ਇਸ ਲਕੀਰ ਦੇ ਨਾਲ ਇੱਕ ਨਵੇਂ ਦੇਸ਼ ਦਾ ਜਨਮ ਹੋਇਆ, ਜਿਸ ਦਾ ਨਾਂ ਸੀ ਪਾਕਿਸਤਾਨ। ਇੰਨਾ ਸਮਾਂ ਬੀਤ ਜਾਣ ਉਪਰੰਤ ਰਾਵੀ ਅਤੇ ਝਨਾਂ ''ਚੋਂ ਬਹੁਤ ਸਾਰਾ ਪਾਣੀ ਵਹਿ ਚੁੱਕਾ ਹੈ। ਵੰਡ ਦੀ ਲਕੀਰ ਬੇਸ਼ੱਕ ਧਰਤੀ ''ਤੇ ਖਿੱਚੀ ਗਈ ਸੀ ਪਰ ਇਹ ਲੋਕਾਂ ਦੇ ਦਿਲਾਂ ਨੂੰ ਵੰਡ ਨਾ ਸਕੀ। ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ''ਚ ਅੱਜ ਵੀ ਬਹੁਤ ਸਾਰੇ ਸ਼ਹਿਰ ਅਜਿਹੇ ਹਨ, ਜਿਹੜੇ ਕਿ ਲੋਕਾਂ ਵਿਚਲੀ ਆਪਸੀ ਸਾਂਝ ਨੂੰ ਆਪਣੇ-ਆਪ ''ਚ ਸਮੋਈ ਬੈਠੇ ਹਨ। ਪੁਰਾਣੇ ਪੰਜਾਬ ''ਚ ਵੱਸਦੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਲੀ ਭਾਈਚਾਰਕ ਸਾਂਝ ਅਤੇ ਧਾਰਮਿਕ ਏਕਤਾ ਦਾ ਝਲਕਾਰਾ ਚੜ੍ਹਦੇ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਤੋਂ ਵੀ ਪੈਂਦਾ ਹੈ। ਇਹ ਸ਼ਹਿਰ ਸੰਗਰੂਰ ਜ਼ਿਲੇ ''ਚ ਸਥਿਤ ਹੈ। 
ਮਲੇਰਕੋਟਲੇ ''ਚ ਹਿੰਦੂ, ਸਿੱਖ ਅਤੇ ਮੁਸਲਮਾਨ ਇਕੱਠੇ ਰਹਿੰਦੇ ਹਨ। ਇੱਥੇ ਬਹੁਤ ਸਾਰੇ ਮੰਦਰ, ਗੁਰਦੁਆਰੇ ਅਤੇ ਮਸੀਤਾਂ ਹਨ ਅਤੇ ਲੋਕ ਸਾਰੇ ਤਿਉਹਾਰਾਂ ਨੂੰ ਆਪਸੀ ਸਦਭਾਵਨਾ ਨਾਲ ਮਨਾਉਂਦੇ ਹਨ। ਇੰਨਾ ਹੀ ਨਹੀਂ, ਇੱਥੇ ਘਰਾਂ ਦੇ ਬਾਹਰ ਗੇਟਾਂ ''ਤੇ ਅੱਲ੍ਹਾ ਹੂ ਅਕਬਰ, ਏਕ ਓਅੰਕਾਰ ਅਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਇੱਕ ਵਾਰ ਤਾਂ ਪੁਰਾਣੇ ਪੰਜਾਬ ਦਾ ਭੁਲੇਖਾ ਪੈ ਜਾਂਦਾ ਹੈ। ਲੋਕਾਂ ਵਿਚਾਲੇ ਆਪਸੀ ਏਕਤਾ ਤੋਂ ਇਲਾਵਾ ਇਸ ਸ਼ਹਿਰ ''ਚ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ, ਜਿਵੇਂ ਕਿ ਜੁੱਤੀਆਂ, ਦੁਪੱਟੇ, ਕਢਾਈ ਵਾਲੇ ਸੂਟ ਆਦਿ ਕਾਫੀ ਸਸਤੇ ਮੁੱਲ ''ਤੇ ਮਿਲਦੀਆਂ ਹਨ। ਸਮਾਨ ਸਸਤਾ ਹੋਣ ਕਾਰਨ ਦੂਰੋਂ-ਦੂਰੋਂ ਲੋਕ ਇੱਥੇ ਖਰੀਦਦਾਰੀ ਕਰਨ ਲਈ ਖਿੱਚੇ ਚਲੇ ਆਉਂਦੇ ਹਨ। ਇੱਥੋਂ ਦੇ ਬਜ਼ਾਰਾਂ ''ਚ ਹਿੰਦੂ, ਮੁਸਲਮਾਨ ਅਤੇ ਸਿੱਖ ਦੁਕਾਨਦਾਰਾਂ ਦੀਆਂ ਦੁਕਾਨਾਂ ਹਨ। ਇੱਥੋਂ ਦੇ ਲੋਕਾਂ ਅਤੇ ਖਾਸ ਕਰਕੇ ਮੁਸਲਮਾਨਾਂ ਦੀ ਕਾਰੀਗਰੀ ਕਾਫੀ ਕਮਾਲ ਦੀ ਹੈ ਅਤੇ ਇਨ੍ਹਾਂ ਦੀ ਇਸ ਕਾਰੀਗਰੀ ਦਾ ਝਲਕਾਰਾ ਸੰਗਮਰਮਰ, ਲੱਕੜ, ਕੱਪੜੇ, ਚਮੜੇ, ਪਿੱਤਲ ਆਦਿ ''ਤੇ ਕੀਤੀ ਗਈ ਕਮਾਲ ਦੀ ਨੱਕਾਸ਼ੀ ਤੋਂ ਪੈਂਦਾ ਹੈ। ਇਸ ਸ਼ਹਿਰ ''ਚ ਵੱਸਦੇ ਲੋਕਾਂ ਵਿਚਾਲੇ ਏਕਤਾ ਨੂੰ ਦੇਖ ਕੇ ਦਿਲ ਬੱਸ ਇਹੀ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਠੀਕ ਹੋ ਜਾਣ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਲੀ ਸਾਂਝ, ਪਿਆਰ ਅਤੇ ਅਪਣੱਤ ਮੁੜ ਪਰਤ ਆਵੇ।

Related News