ਮਲੇਸ਼ੀਆ ’ਚ ਫਸੀ ਗੁਰਵਿੰਦਰ ਕੌਰ ਦੀ ਜਲਦੀ ਹੋਵੇਗੀ ਘਰ ਵਾਪਸੀ

Monday, Aug 14, 2023 - 05:42 PM (IST)

ਮਲੇਸ਼ੀਆ ’ਚ ਫਸੀ ਗੁਰਵਿੰਦਰ ਕੌਰ ਦੀ ਜਲਦੀ ਹੋਵੇਗੀ ਘਰ ਵਾਪਸੀ

ਸੰਗਰੂਰ : ਮਲੇਸ਼ੀਆ ਵਿਚ ਫਸੀ ਗੁਰਵਿੰਦਰ ਕੌਰ ਨੂੰ ਵਾਪਸ ਲਿਆਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਦੇ ਪਰਿਵਾਰ ਦੀਆਂ ਉਸ ਨੂੰ ਜਲਦੀ ਮਿਲਣ ਦੀ ਆਸ ਜਾਗ ਗਈ ਹੈ। ਪਰਿਵਾਰਕ ਮੈਂਬਰਾਂ ਨੇ ਐਤਵਾਰ ਨੂੰ ਸੁਨਾਮ ਵਿਖੇ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਸੂਚਿਤ ਕੀਤਾ ਕਿ ਉਹ ਜਲਦੀ ਹੀ ਘਰ ਵਾਪਸ ਆਵੇਗੀ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮਲੇਸ਼ੀਆ ’ਚ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ 'ਚ ਰੱਖੀ ਗਈ ਕੁੜੀ ਦੀ ਮਦਦ ਮੰਗਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਵੀਡੀਓ ਦੇ ਆਧਾਰ ’ਤ ਲਹਿਰਾ ਪੁਲਸ ਨੇ ਧਾਰਾ 420, 120-ਬੀ ਆਈ.ਪੀ.ਸੀ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਸੀ। 

ਉਕਤ ਨੂੰ ਏਜੰਟ ਨੇ ਇੱਕ ਸੈਲੂਨ ਵਿਚ ਕੰਮ ਕਰਨ ਦਾ ਦਾਅਵਦਾ ਕਰਦਿਆਂ 1.20 ਲੱਖ ਰੁਪਏ ਵਿਚ ਵਰਕ ਪਰਮਿਟ ਦਿੱਤਾ, ਜਿਸ ਵਿਚੋਂ ਉਸ ਨੇ 90,000 ਰੁਪਏ ਅਦਾ ਕੀਤੇ ਜਦੋਂ ਕਿ ਬਾਕੀ ਰਕਮ ਉਨ੍ਹਾਂ ਨੇ 40,000 ਰੁਪਏ ਦੀ ਮਾਸਿਕ ਤਨਖਾਹ ਵਿਚੋਂ ਐਡਜਸਟ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਉਹ 19 ਜੂਨ ਨੂੰ ਉੱਥੇ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਕੋਲ ਕੋਈ ਵਰਕ ਪਰਮਿਟ ਨਹੀਂ ਸੀ, ਸਿਰਫ਼ ਟੂਰਿਸਟ ਵੀਜ਼ਾ ਸੀ ਅਤੇ ਏਜੰਟ ਨੇ ਉਸ ਨੂੰ ਇਕ ਘਰ ਕੰਮ ਕਰਨ ਲਈ ਕਿਹਾ ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਸੁਨਾਮ ਵਿਖੇ ਭਾਜਪਾ ਆਗੂਆਂ ਨੂੰ ਮਿਲਣ ਤੋਂ ਬਾਅਦ ਪੀੜਤਾ ਦੇ ਛੋਟੇ ਭਰਾ ਮੰਗੂ ਸਿੰਘ ਪਿੰਡ ਆਦਕਵਾਸ ਨੇ ਦੋਸ਼ ਲਾਇਆ ਕਿ ਬਾਅਦ ਵਿਚ ਏਜੰਟ ਨੇ ਆਪਣੀ ਭੈਣ ’ਤੇ ਚੋਰੀ ਦੀ ਝੂਠੀ ਐੱਫ. ਆਈ. ਆਰ. ਦਰਜ ਕਰਵਾ ਕੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਫਿਲਹਾਲ ਹੁਣ ਗੁਰਵਿੰਦਰ ਕੌਰ ਦੀ ਜਲਦੀ ਘਰ ਵਾਪਸੀ ਦੀ ਆਸ ਬੱਝ ਗਈ ਹੈ। 


author

Gurminder Singh

Content Editor

Related News