ਮਕਸੂਦਾਂ ਮੰਡੀ ਨੇੜੇ ਹੋਈ ਗੈਂਗਵਾਰ ਦੇ ਮਾਮਲੇ ''ਚ ਪੁਲਸ ਜਾਂਚ ''ਚ ਕਈ ਤੱਥ ਆਏ ਸਾਹਮਣੇ

09/10/2019 1:13:57 PM

ਜਲੰਧਰ (ਜ. ਬ.)— ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਸ਼ਨੀਵਾਰ ਨੂੰ ਹੋਏ ਦੋ ਧਿਰਾਂ 'ਚ ਟਕਰਾਅ ਤੋਂ ਪਹਿਲਾਂ ਵੀ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਸਨ ਪਰ ਭੀੜ ਇਕੱਠੀ ਨਾ ਹੋਣ ਕਾਰਨ ਇਕ ਗਰੁੱਪ ਗਾਇਬ ਹੋ ਗਿਆ ਅਤੇ 2 ਵਾਰ ਟਕਰਾਅ ਹੋਣ ਤੋਂ ਬਚ ਗਿਆ। ਦੋਆਬਾ ਕਾਲਜ ਦੇ ਵਿਦਿਆਰਥੀ ਪ੍ਰਧਾਨ ਬਣਾਏ ਗਏ ਫਤਿਹ ਨੇ ਗੋਪੀ ਨੂੰ ਫੋਨ ਕਰਕੇ ਗਾਲ੍ਹਾਂ ਕੱਢੀਆਂ ਅਤੇ ਮਿਲਣ ਨੂੰ ਕਿਹਾ ਸੀ। ਪੁਲਸ ਦੀ ਜਾਂਚ 'ਚ ਇਹ ਵੀ ਪਤਾ ਲੱਗਾ ਕਿ ਦੋਆਬਾ ਕਾਲਜ 'ਚ ਪ੍ਰਧਾਨ ਬਣਾਏ ਗਏ ਫਤਿਹ ਅਤੇ ਗੁਰਪ੍ਰੀਤ ਸਿੰਘ ਗੋਪੀ 'ਚੋਂ ਕੋਈ ਵੀ ਕਾਲਜ ਦਾ ਵਿਦਿਆਰਥੀ ਨਹੀਂ ਹੈ।
ਥਾਣਾ ਨੰਬਰ 1 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ 5 ਦਿਨ ਦੇ ਰਿਮਾਂਡ 'ਤੇ ਲਏ ਗਏ ਗੁਰਪ੍ਰੀਤ ਸਿੰਘ ਗੋਪੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਫਤਿਹ ਨੇ ਝਗੜਾ ਕਰਨ ਲਈ ਉਸ ਨੂੰ ਫੋਨ ਕਰਕੇ ਉਕਸਾਇਆ ਸੀ, ਜਿਸ ਨਾਲ ਪਹਿਲਾਂ ਦੋਵੇਂ ਧਿਰਾਂ ਜਿੰਦਾ ਫਾਟਕ ਅਤੇ ਬਾਅਦ ਵਿਚ ਇਕ ਹੋਰ ਥਾਂ 'ਤੇ ਆਹਮੋ-ਸਾਹਮਣੇ ਹੋਈਆਂ ਸਨ ਪਰ ਭੀੜ ਇਕੱਠੀ ਨਾ ਹੋਣ ਕਾਰਨ ਬਚਾਅ ਹੋ ਗਿਆ। ਸੂਤਰਾਂ ਦੀ ਮੰਨੀਏ ਤਾਂ ਕਿਲਾ ਮੁਹੱਲਾ 'ਚ ਇਕ ਨੌਜਵਾਨ ਨੇ ਆਪਣੀ ਫੇਸਬੁੱਕ 'ਤੇ ਟਕਰਾਅ ਸਬੰਧੀ ਪੋਸਟ ਵੀ ਪਾਈ ਸੀ ਪਰ ਇਸ ਦੇ ਬਾਵਜੂਦ ਪੁਲਸ ਨੂੰ ਕੋਈ ਸੂਚਨਾ ਨਹੀਂ ਮਿਲ ਸਕੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਤਾਂ ਗੋਪੀ ਗਰੁੱਪ ਨੇ ਫਤਿਹ ਗਰੁੱਪ ਦੇ ਨਿੱਕਾ ਨਾਮਕ ਨੌਜਵਾਨ ਨੂੰ ਘੇਰ ਲਿਆ ਸੀ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਦੌਰਾਨ ਨਿੱਕੇ ਦੇ ਸਾਥੀਆਂ ਵੱਲੋਂ ਹਥਿਆਰ ਲਹਿਰਾਉਂਦੇ ਹੋਏ ਨਿੱਕੇ ਨੂੰ ਛੁਡਵਾ ਲਿਆ। ਇਸ ਦੌਰਾਨ ਇੰਸ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਜ਼ਖਮੀ ਦਾ ਨਾਂ ਸਾਹਮਣੇ ਨਹੀਂ ਆਇਆ ਹੈ ਪਰ ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਫਤਿਹ ਗਰੁੱਪ ਵੱਲੋਂ ਫਾਇਰਿੰਗ ਕੀਤੀ ਗਈ ਸੀ ਪਰ ਪੁਲਸ ਨੇ ਅਜੇ ਤੱਕ ਗੋਲੀ ਚਲਾਉਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।

ਪੁਲਸ ਨੇ ਇਸ ਕੇਸ 'ਚ ਜਰਮਨ, ਸੱਤੂ ਨਿਵਾਸੀ ਲਿੱਧੜਾਂ, ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਮਕਸੂਦਾਂ, ਦਲਜਿੰਦਰ ਨਿਵਾਸੀ ਨੂਸੀ, ਸਾਬੀ ਨਿਵਾਸੀ ਸੰਜੇ ਗਾਂਧੀ ਨਗਰ, ਹਰਨੂਰ ਨਿਵਾਸੀ ਸਲੇਮ ਮੁਸਲਮਾਨਾਂ, ਕੰਨੂ ਨਿਵਾਸੀ ਗੋਪਾਲ ਨਗਰ, ਰਵੀ ਲੁਬਾਣਾ ਫਤਿਹ ਅਤੇ ਇਕ ਅਣਪਛਾਤੇ ਖਿਲਾਫ ਇਰਾਦਾ ਕਤਲ ਸਮੇਤ ਅਨੇਕਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ, ਜਦਕਿ ਗੋਪੀ ਨੇ ਪੁਲਸ ਸਾਹਮਣੇ ਸਰੰਡਰ ਕਰ ਦਿੱਤਾ ਸੀ। ਗੋਪੀ ਨੂੰ ਪੁਲਸ ਨੇ 5 ਦਿਨ ਦੇ ਰਿਮਾਂਡ 'ਤੇ ਲਿਆ। ਦੱਸ ਦੇਈਏ ਕਿ ਸ਼ਨੀਵਾਰ ਦੀ ਸ਼ਾਮ ਨੂੰ 2 ਦਰਜਨ ਦੇ ਲਗਭਗ ਨੌਜਵਾਨਾਂ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਇਕ-ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਦੌਰਾਨ 3 ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ ਪਰ ਮੌਕੇ ਤੋਂ ਕੋਈ ਖੋਲ ਨਾ ਮਿਲਣ ਕਾਰਣ ਪੁਲਸ ਨੇ ਫਾਇਰਿੰਗ ਦੀ ਪੁਸ਼ਟੀ ਨਹੀਂ ਕੀਤੀ ਸੀ। ਇਹ ਵਿਵਾਦ ਦੋਆਬਾ ਕਾਲਜ ਦੇ ਬਣਾਏ ਗਏ ਵਿਦਿਆਰਥੀ ਵਿੰਗ ਦੇ ਪ੍ਰਧਾਨ ਫਤਿਹ ਅਤੇ ਗੁਰਪ੍ਰੀਤ ਸਿੰਘ ਅਤੇ ਸਾਥੀਆਂ ਦਰਮਿਆਨ ਹੋਇਆ ਸੀ।

ਫਤਿਹ ਦੇ ਪ੍ਰਧਾਨ ਬਣਨ ਦੇ ਇਕ ਘੰਟੇ ਬਾਅਦ ਬਣਾਇਆ ਸੀ ਗੋਪੀ ਨੂੰ ਪ੍ਰਧਾਨ
ਫਤਹਿ ਦੇ ਪ੍ਰਧਾਨ ਬਣਨ ਦੇ ਇਕ ਘੰਟੇ ਬਾਅਦ ਜਾ ਕੇ ਉਸੇ ਕਾਲਜ ਦਾ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ, ਹਾਲਾਂਕਿ ਫਤਿਹ ਨੂੰ ਪ੍ਰਧਾਨ ਬਣਾਉਂਦੇ ਸਮੇਂ ਇਕ ਵੀਡੀਓ 'ਚ ਫਤਿਹ ਦੇ ਸਾਥੀਆਂ ਅਤੇ ਉਸ ਨੂੰ ਪ੍ਰਧਾਨ ਬਣਾਉਣ ਵਾਲੇ ਪੁਲਸ ਦੇ ਖੁਫੀਆ ਸੂਤਰਾਂ ਨੇ ਕਲੀਅਰ ਕਿਹਾ ਸੀ ਕਿ ਫਤਿਹ ਦੇ ਇਲਾਵਾ ਕਿਸੇ ਨੂੰ ਵੀ ਪ੍ਰਧਾਨ ਨਹੀਂ ਮੰਨਿਆ ਜਾਵੇਗਾ, ਜਿਸ ਤੋਂ ਬਾਅਦ ਗੋਪੀ ਨੂੰ ਪ੍ਰਧਾਨ ਬਣਾ ਕੇ ਉਸ ਦੇ ਸਾਥੀਆਂ ਨੇ ਕਾਫੀ ਭੀੜ ਇਕੱਠੀ ਕਰ ਕੇ ਰੋਡ ਸ਼ੋਅ ਕੱਢਿਆ ਸੀ। ਉਥੇ ਹੀ ਫਤਿਹ ਧਿਰ ਵਲੋਂ ਤਿਆਰ ਕੀਤੀ ਗਈ ਪ੍ਰਧਾਨਗੀ ਸਮਾਰੋਹ ਦੀ ਵੀਡੀਓ ਵਿਚ ਇਕ ਨੌਜਵਾਨ ਹੈਰੋਇਨ ਦੇ ਨਾਲ ਫੜਿਆ ਗਿਆ ਇਕ ਨੇਤਾ ਦਾ ਨਾਂ ਲੈ ਕੇ ਉਸ ਦਾ ਧੰਨਵਾਦ ਕਰ ਰਿਹਾ ਹੈ।

ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
ਪੁਲਸ ਦਾ ਕਹਿਣਾ ਹੈ ਕਿ ਇਸ ਕੇਸ 'ਚ ਫਰਾਰ ਚੱਲ ਰਹੇ ਦੋਵਾਂ ਧਿਰਾਂ ਦੇ ਮੈਂਬਰਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮੌਕੇ ਤੋਂ ਬਰਾਮਦ ਹੋਏ ਵਾਹਨ ਵੀ ਦੋਵਾਂ ਧਿਰਾਂ ਦੇ ਨਿਕਲੇ ਹਨ। ਇੰਸ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਸਾਰੇ ਨੌਜਵਾਨ ਘਰਾਂ ਤੋਂ ਫਰਾਰ ਹਨ। ਪੁੱਛਗਿੱਛ 'ਚ ਜੇਕਰ ਹੋਰ ਲੋਕਾਂ ਦਾ ਨਾਂ ਸਾਹਮਣੇ ਆਇਆ ਤਾਂ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News