ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਸਕਦੇ ਨੇ ਮੇਜਰ ਸਿੰਘ, ਮਨੋਜ ਅਗਰਵਾਲ ਤੇ ਰਾਜੀਵ ਦੁੱਗਲ ਵਰਗੇ ਕਈ ਆਗੂ!
Monday, Feb 20, 2023 - 10:52 AM (IST)
ਜਲੰਧਰ (ਖੁਰਾਣਾ, ਚੋਪੜਾ)- ਪੰਜਾਬ ’ਚ ਨਗਰ ਨਿਗਮ ਚੋਣਾਂ ਦਾ ਮੈਦਾਨ ਲੱਗਭਗ ਤਿਆਰ ਹੋ ਚੁੱਕਾ ਹੈ ਅਤੇ ਜਲੰਧਰ ’ਚ ਤਾਂ ਲੋਕ ਸਭਾ ਦੀ ਜ਼ਿਮਨੀ ਚੋਣ ਵੀ ਹੋਣੀ ਹੈ। ਇਹ ਦੋਵੇਂ ਚੋਣਾਂ ਅਗਲੇ ਕੁਝ ਮਹੀਨਿਆਂ ਦੇ ਅੰਦਰ ਹੀ ਹੋਣ ਵਾਲੀਆਂ ਹਨ। ਇਸ ਲਈ ਜਲੰਧਰ ਸ਼ਹਿਰ ’ਚ ਸਾਰੇ ਸਿਆਸੀ ਦਲਾਂ ਦੀਆਂ ਗਤੀਵਿਧੀਆਂ ਬੇਹੱਦ ਤੇਜ਼ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਦੌਰਾਨ ਜਲੰਧਰ ਦੇ ਲਗਭਗ ਅੱਧਾ ਦਰਜਨ ਦੌਰੇ ਕਰ ਚੁੱਕੇ ਹਨ। ਰਾਜਾ ਵੜਿੰਗ ਅਤੇ ਸੁਖਬੀਰ ਬਾਦਲ ਵਰਗੇ ਨੇਤਾ ਵੀ ਵਾਰ-ਵਾਰ ਜਲੰਧਰ ਦੇ ਚੱਕਰ ਲਾ ਰਹੇ ਹਨ। ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਸੋਮਵਾਰ 20 ਫਰਵਰੀ ਨੂੰ ਜਲੰਧਰ ਆ ਰਹੇ ਹਨ। ਪਤਾ ਚੱਲਿਆ ਹੈ ਕਿ ਆਪਣੇ ਇਸ ਦੌਰੇ ਦੌਰਾਨ ਸ਼ੇਖਾਵਤ ਕਈ ਸਿਆਸੀ ਦਲਾਂ ਨੂੰ ਕਰਾਰਾ ਝਟਕਾ ਦੇਣ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਸ਼ੇਖਾਵਤ ਦੀ ਇਸ ਫੇਰੀ ਦੌਰਾਨ ਮੇਜਰ ਸਿੰਘ ਮਾਡਲ ਹਾਊਸ, ਮਨੋਜ ਅਗਰਵਾਲ ਅਤੇ ਰਾਜੀਵ ਦੁੱਗਲ ਵਰਗੇ ਕਈ ਕਾਂਗਰਸੀ ਲੀਡਰ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਸਕਦੇ ਹਨ।
ਪੰਜਾਬ ਕਾਂਗਰਸ ਦੇ ਸੈਕਟਰੀ ਮੇਜਰ ਸਿੰਘ ਮਾਡਲ ਹਾਊਸ ਨੇ ਤਾਂ ਐਤਵਾਰ ਆਪਣਾ ਤਿਆਗ ਪੱਤਰ ਵੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਸੌਂਪ ਦਿੱਤਾ। ਮਨੋਜ ਅਗਰਵਾਲ ਵੀ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੇ ਕਾਫ਼ੀ ਕਰੀਬੀ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਅਣਗੌਲੇ ਮਹਿਸੂਸ ਕਰ ਰਹੇ ਹਨ। ਸੂਬਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਦੇ ਯੂਥ ਸੂਬਾ ਪ੍ਰਧਾਨ ਮਨੋਜ ਅਗਰਵਾਲ ਨੇ ਵੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਨੋਜ ਅਗਰਵਾਲ ਨੇ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਪੱਤਰ ਭੇਜ ਕੇ ਲਿਖਿਆ ਕਿ ਉਹ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਕਾਂਗਰਸ ਹਾਈਕਮਾਂਡ ਦਾ ਵੀ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਖ਼ਪਤਕਾਰਾਂ ਦੀ ਵਧੀ ਪ੍ਰੇਸ਼ਾਨੀ, ਜਾਣੋ ਕਿਉਂ
ਜ਼ਿਕਰਯੋਗ ਹੈ ਕਿ ਮਨੋਜ ਅਗਰਵਾਲ, ਜੋ ਪਿਛਲੇ 25 ਸਾਲਾਂ ਤੋਂ ਕਾਂਗਰਸ ’ਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਰਹੇ ਹਨ। ਉਹ ਬਲਾਕ ਕਾਂਗਰਸ, ਯੂਥ ਕਾਂਗਰਸ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ’ਚ ਵੀ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਉਹ ਪੰਜਾਬ ਸਰਕਾਰ ਦੇ ਅਗਰਵਾਲ ਭਲਾਈ ਬੋਰਡ ਦੇ ਸੀਨੀ. ਵਾਈਸ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਨਿਭਾਅ ਚੁੱਕੇ ਹਨ। ਇਥੇ ਹੀ ਬੱਸ ਨਹੀਂ ਮਨੋਜ ਅਗਰਵਾਲ ਦਾ ਪੰਜਾਬ ਭਰ ਦੇ ਅਗਰਵਾਲ ਸਮਾਜ ’ਚ ਕਾਫ਼ੀ ਪ੍ਰਭਾਵ ਹੈ ਅਤੇ ਉਹ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੇ ਖਾਸਮਖਾਸ ਰਹੇ ਹਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵੀ ਸਨ। ਭਾਵੇਂ ਮਨੋਜ ਅਗਰਵਾਲ ਹੀ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਇਕੱਲੇ ਨਹੀਂ ਹਨ ਪਰ ਪਾਰਟੀ ਛੱਡਣ ਨਾਲ ਕਾਂਗਰਸ ਨੂੰ ਅਗਰਵਾਲ ਭਾਈਚਾਰੇ ਦਾ ਵੱਡਾ ਵੋਟ ਬੈਂਕ ਵੀ ਗੁਆਉਣਾ ਪੈ ਸਕਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਭਾਜਪਾ ਆਗੂ ਡਾ. ਰਾਜਕੁਮਾਰ ਵੇਰਕਾ ਨਾਲ ਕਰੀਬੀ ਸਬੰਧਾਂ ਕਾਰਨ ਮਨੋਜ ਅਗਰਵਾਲ ਆਉਣ ਵਾਲੇ ਦਿਨਾਂ ’ਚ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਇਸ ਸਬੰਧੀ ਪੁੱਛੇ ਜਾਣ ’ਤੇ ਮਨੋਜ ਅਗਰਵਾਲ ਨੇ ਕੋਈ ਖੁਲਾਸਾ ਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਦੂਜੇ ਪਾਸੇ ਜੇਕਰ ਰਾਜੀਵ ਦੁੱਗਲ ਦੀ ਗੱਲ ਕਰੀਏ ਤਾਂ ਉਹ ਜਿੱਥੇ ਕਾਂਗਰਸ 'ਚ ਕਈ ਅਹੁਦਿਆਂ ’ਤੇ ਰਹਿ ਚੁੱਕੇ ਹਨ, ਉੱਥੇ ਹੀ ਉਹ ਸਮਾਜਿਕ ਤੇ ਵਪਾਰਕ ਖੇਤਰਾਂ ’ਚ ਵੀ ਕਾਫੀ ਸਰਗਰਮ ਹਨ।
ਇਹ ਵੀ ਪੜ੍ਹੋ : 'ਅਸ਼ੀਰਵਾਦ' ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਮੰਤਰੀ ਬਲਜੀਤ ਕੌਰ ਨੇ ਕੀਤਾ ਵੱਡਾ ਐਲਾਨ
ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਐੱਸ. ਐੱਸ. ਪੀ. ਦੇ ਵੀ ਭਾਜਪਾ ’ਚ ਜਾਣ ਦੇ ਚਰਚੇ
ਕੁਝ ਮਹੀਨੇ ਬਾਅਦ ਹੋਣ ਜਾ ਰਹੀ ਲੋਕ ਸਭਾ ਜ਼ਿਮਨੀ ਚੋਣ ਅਤੇ 2024 ’ਚ ਹੋਣ ਜਾ ਰਹੀਆਂ ਸੰਸਦੀ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੇ ਸਿਆਸੀ ਖੇਤਰਾਂ ’ਚ ਉਲਟਫੇਰ ਸੰਭਾਵਿਤ ਹੈ। ਪਤਾ ਚੱਲਿਆ ਹੈ ਕਿ ਕਾਂਗਰਸ ਦੇ ਇਕ ਸਾਬਕਾ ਸੰਸਦ ਮੈਂਬਰ ਭਾਜਪਾ ਦਾ ਪੱਲਾ ਫੜ ਸਕਦੇ ਹਨ, ਜੋ ਜਲੰਧਰ ਵੈਸਟ ਹਲਕੇ ਨਾਲ ਸਬੰਧਤ ਹਨ। ਇਸ ਦੇ ਇਲਾਵਾ ਜਲੰਧਰ ’ਚ ਡੀ. ਐੱਸ. ਪੀ., ਐੱਸ. ਪੀ. ਤੇ ਐੱਸ. ਐੱਸ. ਪੀ. ਲੈਵਲ ’ਤੇ ਪੁਲਸ ’ਚ ਰਹੇ ਇਕ ਅਧਿਕਾਰੀ ਵੀ ਭਾਜਪਾ ਜੁਆਇਨ ਕਰਨ ਦੀ ਸੋਚ ਰਹੇ ਹਨ ਤੇ ਜਲੰਧਰ ਲੋਕ ਸਭਾ ਤੋਂ ਟਿਕਟ ਦੇ ਦਾਅਵੇਦਾਰ ਹਨ। ਪਿਛਲੀਆਂ ਵਿਧਾਨ ਸਭਾ ਚੋਣ ’ਚ ਬਸਪਾ ਦੇ ਟਿਕਟ ’ਤੇ ਲੜਣ ਵਾਲੇ ਇਕ ਨੇਤਾ ਵੀ ਸੋਮਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਬੂਟਾ ਮੰਡੀ ਦੇ ਇਕ ਚਰਚਿਤ ਸੇਠ ਦੇ ਵੀ ਭਾਜਪਾ ਜੁਆਇਨ ਕਰਨ ਦੇ ਚਰਚੇ ਹਨ।
ਇਹ ਵੀ ਪੜ੍ਹੋ : 7 ਜਨਮਾਂ ਦਾ ਸਾਥ ਨਿਭਾਉਣ ਵਾਲਾ ਪਤੀ ਹੀ ਨਿਕਲਿਆ ਕਾਤਲ, ਜ਼ਹਿਰ ਦਾ ਟੀਕਾ ਲਗਾ ਕੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।