ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ, ਜਾਣੋ ਕਿਵੇਂ

Monday, Jul 11, 2022 - 08:23 PM (IST)

ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ, ਜਾਣੋ ਕਿਵੇਂ

ਚੰਡੀਗੜ੍ਹ (ਬਿਊਰੋ) : ਆਮ ਆਦਮੀ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਇਕ ਹੋਰ ਮਿਸਾਲੀ ਪਹਿਲਕਦਮੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ’ਚ ਪੰਜਾਬ ਪੁਲਸ ਦਾ ਜਨਤਕ ਸ਼ਿਕਾਇਤ ਨਿਵਾਰਨ ਪੋਰਟਲ ਜਾਰੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਿਸਾਲੀ ਕਦਮ ਦਾ ਉਦੇਸ਼ ਲੋਕਾਂ ਨੂੰ ਘਰ ਬੈਠਿਆਂ ਹੀ ਕੰਪਿਊਟਰ ਦੇ ਇਕ ਕਲਿੱਕ ਉੱਤੇ ਆਨਲਾਈਨ ਸ਼ਿਕਾਇਤਾਂ ਦਰਜ ਕਰਨ, ਸ਼ਿਕਾਇਤਾਂ ਉੱਤੇ ਹੋਈ ਕਾਰਵਾਈ ਉਪਰ ਨਿਗ੍ਹਾ ਰੱਖਣ ਅਤੇ ਰਿਪੋਰਟ ਹਾਸਲ ਕਰਨ ਦੀ ਸਹੂਲਤ ਦੇਣਾ ਹੈ। ਸੂਬੇ ਦੇ ਲੋਕਾਂ ਨੂੰ ਮਿਆਰੀ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਦੇ ਆਪਣੀ ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਲੱਖਣ ਸਾਫਟਵੇਅਰ ਜਨਤਕ ਸ਼ਿਕਾਇਤ ਨਿਵਾਰਨ ਲਈ ਮੁਕੰਮਲ ਹੱਲ ਮੁਹੱਈਆ ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਮੁੜ ਆਏ ਚਰਚਾ ’ਚ, ਇਸ ਟਵੀਟ ਨੂੰ ਲੈ ਕੇ ਹੋ ਰਹੇ ਟ੍ਰੋਲ

ਉਨ੍ਹਾਂ ਕਿਹਾ ਕਿ ਇਸ ਢਾਂਚੇ ਨਾਲ ਨਾਗਰਿਕ ਆਸਾਨੀ ਨਾਲ ਬਿਨਾਂ ਦਫ਼ਤਰਾਂ ਦੇ ਚੱਕਰ ਕੱਟੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ ਅਤੇ ਸ਼ਿਕਾਇਤਾਂ ਉੱਤੇ ਹੋਈ ਕਾਰਵਾਈ ਬਾਰੇ ਜਾਣ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਭਾਰੀ ਗਿਣਤੀ ’ਚ ਹੁੰਦੀਆਂ ਪੁੱਛ-ਪੜਤਾਲਾਂ ਤੋਂ ਰਾਹਤ ਮਿਲੇਗੀ, ਜਿਸ ਨਾਲ ਲੋਕਾਂ ਦਾ ਕੰਮ ਸਮਾਂਬੱਧ ਤਰੀਕੇ ਨਾਲ ਹੋਵੇਗਾ। ਉਨ੍ਹਾਂ ਨੇ ਵਿਸਥਾਰ ’ਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸਾਫਟਵੇਅਰ ਦਾ ਉਦੇਸ਼ ਸ਼ਿਕਾਇਤਕਰਤਾ ਨੂੰ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਇਨਸਾਫ਼ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਣਾਲੀ ਨਾਲ ਪ੍ਰਸ਼ਾਸਕੀ ਢਾਂਚੇ ’ਚ ਜੁਆਬਦੇਹੀ ਹੋਰ ਵਧੇਗੀ, ਜਿਸ ਨਾਲ ਕੋਈ ਕਾਰਵਾਈ ਨਾ ਕਰਨ ਅਤੇ ਮਾਮਲੇ ਨੂੰ ਬਿਨਾਂ ਵਜ੍ਹਾ ਲਮਕਾਉਣ ਦੀ ਸੂਰਤ ’ਚ ਕਸੂਰਵਾਰ ਪੁਲਸ ਮੁਲਾਜ਼ਮਾਂ ਦੀ ਜੁਆਬਦੇਹੀ ਤੈਅ ਕੀਤੀ ਜਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਜੇਲ੍ਹਾਂ ’ਚ ਸੁਧਾਰ ਲਈ ਮਾਨ ਸਰਕਾਰ ਨੇ ਦੇਸ਼ ’ਚ ਪਹਿਲੀ ਵਾਰ ਚੁੱਕਿਆ ਇਹ ਕਦਮ, ਕੈਦੀਆਂ ਦੀ ਹੋਵੇਗੀ ‘ਡਰੱਗ ਸਕ੍ਰੀਨਿੰਗ’

ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਵੈੱਬਸਾਈਟ  Pgd.punjabpolice.gov.in ਉੱਤੇ ਜਾਣਾ ਹੋਵੇਗਾ ਅਤੇ ਇਸ ਉਪਰ ਆਪਣਾ ਨਾਂ ਅਤੇ ਮੋਬਾਈਲ ਨੰਬਰ ਦਰਜ ਕਰਨ ਸਮੇਤ ਕੁਝ ਹੋਰ ਛੋਟੀ ਜਿਹੀ ਪ੍ਰਕਿਰਿਆ ’ਚੋਂ ਲੰਘਣ ਤੋਂ ਬਾਅਦ ਪੱਕਾ ਖਾਤਾ ਬਣ ਜਾਂਦਾ ਹੈ। ਇਸ ਤੋਂ ਬਾਅਦ ਇਕ ਪਾਸਵਰਡ ਤਿਆਰ ਹੋਵੇਗਾ ਅਤੇ ਪੋਰਟਲ ਉੱਤੇ ਪੱਕਾ ਖਾਤਾ ਬਣ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਅਤੇ ਨਿਰਧਾਰਤ ਪ੍ਰਣਾਲੀ ਰਾਹੀਂ ਸ਼ਿਕਾਇਤ ਦੀ ਪ੍ਰਗਤੀ ਉਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਮੌਕੇ ਸੂਬੇ ਦੇ ਪੁਲਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਪੁਲਸ ਵਿਭਾਗ ਦਾ ਇਹ ਉਪਰਾਲਾ ਪ੍ਰਸ਼ਾਸਨਿਕ ਵਿਵਸਥਾ ਨੂੰ ਹੋਰ ਵਧੇਰੇ ਜੁਆਬਦੇਹ ਬਣਾਏਗਾ, ਜਿਸ ਨਾਲ ਪੁਲਸ ਦੇ ਕੰਮਕਾਜ ’ਚ ਹੋਰ ਪਾਰਦਰਸ਼ਿਤਾ ਆਵੇਗੀ।

 


author

Manoj

Content Editor

Related News