ਲੁਧਿਆਣਾ ’ਚ ਵੱਡੀ ਵਾਰਦਾਤ, ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

Tuesday, Nov 15, 2022 - 12:35 AM (IST)

ਲੁਧਿਆਣਾ (ਰਾਜ)-ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੁਝ ਨੌਜਵਾਨਾਂ ਨੇ ਦੋ ਦੋਸਤਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦਾ ਨਾਂ ਵਿਜੇ ਕੁਮਾਰ ਹੈ। ਸੂਚਨਾ ਤੋਂ ਬਾਅਦ ਪੁਲਸ ਥਾਣਾ ਪੀ. ਏ. ਯੂ. ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਇਸ ਮਾਮਲੇ ’ਚ ਪੁਲਸ ਨੇ ਗਣੇਸ਼ ਦੀ ਸ਼ਿਕਾਇਤ ’ਤੇ ਮੁਲਜ਼ਮ ਅਰਵਿੰਦਰ ਸਰੋਜ, ਰਾਹੁਲ ਸਰੋਜ, ਭਰਤ ਕੁਮਾਰ ਵਿਸ਼ਵਾਸ, ਵਿਕਾਸ ਕੁਮਾਰ ਅਤੇ ਚਿਰਾਗ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਗਣੇਸ਼ ਨੇ ਦੱਸਿਆ ਹੈ ਕਿ ਉਹ ਸਾਊਥ ਸਿਟੀ ’ਚ ਇਕ ਰੈਸਟੋਰੈਂਟ ’ਚ ਕੰਮ ਕਰਦਾ ਹੈ। ਦੇਰ ਰਾਤ ਉਸ ਦੇ ਦੋਸਤ ਸੌਰਵ ਵਸ਼ਿਸ਼ਟ ਦਾ ਫੋਨ ਆਇਆ ਕਿ ਉਸ ਦੇ ਦੋਸਤ ਹੇਮੰਤ ਅਤੇ ਮੁੰਨਾ, ਜੋ ਜਨਪਥ ਅਸਟੇਟ ਨੇੜੇ ਇਕ ਰੈਸਟੋਰੈਂਟ ’ਚ ਕੰਮ ਕਰਦੇ ਹਨ, ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਚਿੰਤਾਵਾਂ ਦਾ ਕਰੇ ਹੱਲ

ਉਨ੍ਹਾਂ ਨੇ ਉੱਥੇ ਜਾਣਾ ਹੈ। ਇਸ ਲਈ ਉਹ ਸੌਰਵ ਅਤੇ ਉਸ ਦੇ ਦੋਸਤਾਂ ਵਿਜੇ ਕੁਮਾਰ ਅਤੇ ਵਿਜੇ ਸਾਵੰਤ ਦੇ ਨਾਲ ਮੌਕੇ 'ਤੇ ਗਿਆ। ਜਦੋਂ ਉਹ ਉਥੇ ਪਹੁੰਚਿਆ ਤਾਂ ਮੁਲਜ਼ਮਾਂ ਨਾਲ ਤਕਰਾਰ ਹੋ ਗਈ ਪਰ ਮੌਕੇ 'ਤੇ ਮੌਜੂਦ ਲੋਕਾਂ ਦੇ ਬਚਾਅ ਕਾਰਨ ਮਾਮਲਾ ਸ਼ਾਂਤ ਹੋ ਗਿਆ। ਲੜਾਈ ਖਤਮ ਹੋਣ ਤੋਂ ਬਾਅਦ ਸਾਰੇ ਘਰ ਵਾਪਸ ਚਲੇ ਗਏ ਪਰ ਸੌਰਵ ਅਤੇ ਵਿਜੇ ਸਾਵੰਤ ਨੇ ਰਾਤ ਦੀ ਡਿਊਟੀ ’ਤੇ ਜਾਣਾ ਸੀ, ਜਿਸ ਕਾਰਨ ਉਹ ਡਿਊਟੀ ਲਈ ਰਵਾਨਾ ਹੋ ਗਏ। ਇਸ ਤੋਂ ਬਾਅਦ ਉਹ ਅਤੇ ਵਿਜੇ ਕੁਮਾਰ ਪ੍ਰਤਾਪਪੁਰਾ ਸਥਿਤ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਮਾਹਲ ਹਸਪਤਾਲ ਨੇੜੇ ਪੁੱਜੇ ਤਾਂ ਮੁਲਜ਼ਮ ਅਰਵਿੰਦਰ ਸਰੋਜ, ਰਾਹੁਲ ਸਰੋਜ, ਭਰਤ ਕੁਮਾਰ ਵਿਸ਼ਵਾਸ, ਵਿਕਾਸ ਕੁਮਾਰ ਅਤੇ ਚਿਰਾਗ ਨੇ ਉਸ ਨੂੰ ਰਸਤੇ ’ਚ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਵਿਜੇ ਕੁਮਾਰ ਦੀ ਗਰਦਨ ’ਤੇ ਹਮਲਾ ਕਰ ਦਿੱਤਾ। ਫਿਰ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦੇ ਹੁਕਮਾਂ ਤੋਂ ਬਾਅਦ ਹੋਈ ਮੀਟਿੰਗ ’ਚ ਟਰਾਂਸਪੋਰਟ ਵਿਭਾਗ ਨੇ ਮੰਨੀਆਂ ਮੁਲਾਜ਼ਮਾਂ ਦੀਆਂ ਮੰਗਾਂ

ਗਣੇਸ਼ ਦਾ ਕਹਿਣਾ ਹੈ ਕਿ ਨੇੜਲੇ ਹਸਪਤਾਲ ’ਚ ਵਿਜੇ ਨੂੰ ਦਾਖ਼ਲ ਕਰਵਾ ਕੇ ਉਹ ਤੁਰੰਤ ਘਰ ਚਲਾ ਗਿਆ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਵਿਜੇ ਦੀ ਤਬੀਅਤ ਵਿਗੜ ਗਈ ਹੈ। ਇਸ ਲਈ ਉਹ ਉਸ ਨੂੰ ਸਿਵਲ ਹਸਪਤਾਲ ਲੈ ਗਿਆ ਪਰ ਜਿਵੇਂ ਹੀ ਉਹ ਉੱਥੇ ਪਹੁੰਚਿਆ ਤਾਂ ਡਾਕਟਰਾਂ ਨੇ ਵਿਜੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਦੂਜੇ ਪਾਸੇ ਐੱਸ.ਐੱਚ.ਓ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਦੋਸ਼ੀਆਂ ਦੀ ਪਛਾਣ ਕਰਕੇ ਇਕ-ਇਕ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।


Manoj

Content Editor

Related News