ਪਨੀਰ ਫੈਕਟਰੀ ’ਤੇ ਛਾਪਾ, 1200 ਕਿਲੋ ਪਨੀਰ ਜ਼ਬਤ, ਫੈਕਟਰੀ ਸੀਲ
Tuesday, Sep 22, 2026 - 06:14 PM (IST)
ਡੇਰਾਬੱਸੀ (ਅਨਿਲ ਸ਼ਰਮਾ) : ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਮਿਲਾਵਟੀ ਖਾਧ ਪਦਾਰਥਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਵਿਭਾਗ ਦੀ ਟੀਮ ਨੇ ਪਿੰਡ ਸੁੰਡਰਾਂ ਵਿੱਚ ਪਨੀਰ ਬਣਾਉਣ ਵਾਲੀ ਇਕ ਫੈਕਟਰੀ ’ਤੇ ਛਾਪੇਮਾਰੀ ਕਰਕੇ ਕਰੀਬ 1200 ਕਿਲੋ ਪਨੀਰ ਜ਼ਬਤ ਕੀਤਾ ਅਤੇ ਫੈਕਟਰੀ ਨੂੰ ਸੀਲ ਕਰ ਦਿੱਤਾ। ਵਿਭਾਗੀ ਅਧਿਕਾਰੀਆਂ ਅਨੁਸਾਰ ਮੌਕੇ ’ਤੇ ਪਨੀਰ ਪਾਊਡਰ ਦੀ ਵਰਤੋਂ ਕਰਕੇ ਪਨੀਰ ਤਿਆਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਇਸ ਤੋਂ ਇਲਾਵਾ ਫੈਕਟਰੀ ਵਿੱਚ ਸਫ਼ਾਈ ਦੇ ਢੁਕਵੇਂ ਪ੍ਰਬੰਧ ਨਹੀਂ ਸਨ ਅਤੇ ਗੰਦੇ ਪਾਣੀ ਦੇ ਨੇੜੇ ਪਨੀਰ ਤਿਆਰ ਕੀਤਾ ਜਾ ਰਿਹਾ ਸੀ। ਫੈਕਟਰੀ ਦੇ ਬਾਹਰ ਕਿਸੇ ਤਰ੍ਹਾਂ ਦਾ ਬੋਰਡ ਵੀ ਨਹੀਂ ਲੱਗਿਆ ਹੋਇਆ ਸੀ।
ਸਿਹਤ ਵਿਭਾਗ ਵੱਲੋਂ ਹੁਣ ਫੈਕਟਰੀ ਦੇ ਮਾਲਕ ਅਤੇ ਇੱਥੋਂ ਤਿਆਰ ਪਨੀਰ ਦੀ ਸਪਲਾਈ ਕਿਹੜੇ-ਕਿਹੜੇ ਇਲਾਕਿਆਂ ਵਿੱਚ ਕੀਤੀ ਜਾ ਰਹੀ ਸੀ, ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।
