ਬਟਾਲਾ ਨੇੜੇ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਬੱਚੇ ਅੱਗ 'ਚ ਝੁਲਸੇ
Wednesday, May 04, 2022 - 05:32 PM (IST)
ਬਟਾਲਾ/ਕਿਲਾ ਲਾਲ ਸਿੰਘ (ਗੁਰਪ੍ਰੀਤ ਚਾਵਲਾ, ਮਠਾਰੂ, ਬੇਰੀ, ਭਗਤ) : ਬਟਾਲਾ ’ਚ ਅੱਜ ਸਕੂਲ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਕਣਕ ਦੇ ਨਾੜ ਨੂੰ ਲਗਾਈ ਅੱਗ ਦੇ ਕਾਰਨ ਬਟਾਲਾ ਨੇੜੇ ਇੱਕ ਨਿੱਜੀ ਸਕੂਲ ਦੀ ਬੱਸ ਦੇ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਭਿਆਨਕ ਹਾਦਸੇ ਵਿਚ 7 ਬੱਚਿਆਂ ਦੇ ਝੁਲਸਣ ਦੀ ਖ਼ਬਰ ਸਾਹਮਣੇ ਆਈਹੈ। ਜਦੋਂਕਿ ਬੱਸ ਦੇ ਵਿਚ ਸਵਾਰ ਬਾਕੀ ਬੱਚਿਆਂ ਨੂੰ ਬੱਸ ਦੇ ਡਰਾਇਵਰ ਅਤੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੇ ਭਾਰੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਨੇੜੇ ਬਟਾਲਾ ਦੀ ਬੱਸ 41 ਦੇ ਕਰੀਬ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਉਨ੍ਹਾਂ ਦੇ ਘਰਾਂ ਤੱਕ ਛੱਡਣ ਲਈ ਰਵਾਨਾ ਹੋਈ ਅਤੇ ਇਸ ਦੌਰਾਨ ਰਸਤੇ ਦੇ ਵਿਚ 12 ਬੱਚਿਆਂ ਨੂੰ ਉਨ੍ਹਾਂ ਘਰਾਂ ਤੱਕ ਪਹੁੰਚਾ ਕੇ ਬੱਸ ਤੋਂ ਉਤਾਰ ਦਿੱਤਾ ਗਿਆ ਸੀ, ਜਦ ਇਹ ਬੱਸ ਪਿੰਡ ਬਰਕੀਵਾਲ ਨੇੜੇ ਪਹੁੰਚੀ ਤਾਂ ਨਾੜ ਨੂੰ ਅੱਗ ਲਗਾਈ ਹੋਣ ਕਾਰਨ ਸੜਕ ’ਤੇ ਜਾਂਦੇ ਸਮੇਂ ਬੱਸ ਦਾ ਡਰਾਈਵਰ ਸੰਤੁਲਨ ਖੋਹ ਬੈਠਾ, ਜਿਸ ਕਰਕੇ ਉਕਤ ਸਕੂਲੀ ਬੱਸ ਖੇਤਾਂ ਦੇ ਵਿਚ ਪਲਟ ਗਈ ਅਤੇ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ : ਹਿਮਾਚਲ ’ਚ ਬਰਫਬਾਰੀ, ਮੀਂਹ ਅਤੇ ਗੜ੍ਹੇਮਾਰੀ਼, ਪੰਜਾਬ ’ਚ ਪਾਰਾ ਡਿੱਗਿਆ
ਇਸ ਭਿਆਨਕ ਹਾਦਸੇ ਵਿਚ ਬੱਸ ’ਚ ਸਵਾਰ 29 ਬੱਚਿਆਂ ਦੇ ’ਚੋਂ 7 ਬੱਚੇ ਝੁਲਸ ਕੇ ਜਖ਼ਮੀ ਹੋ ਗਏ, ਜਦਕਿ ਇਲਾਕਾ ਨਿਵਾਸੀਆਂ ਨੇ ਭਾਰੀ ਜਦੋ-ਜਹਿਦ ਤੋਂ ਬਾਅਦ ਬੱਸ ਵਿਚ ਸਵਾਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਖਮੀ ਹੋਏ ਬੱਚਿਆਂ ਨੂੰ ਬਟਾਲਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ 2 ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ ਅੱਗ ਦੀ ਲਪੇਟ ਵਿੱਚ ਆਉਣ ਨਾਲ ਬੱਸ ਵੀ ਬੁਰੀ ਤਰ੍ਹਾਂ ਸੜ ਗਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਪਾਰਟੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਨੇ ਭਾਰੀ ਜਦੋ-ਜਹਿਦ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਅੱਗ ’ਤੇ ਕਾਬੂ ਪਾਇਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਐੈੱਸ. ਐੱਚ. ਓ. ਸੁਖਇੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਿਜਲੀਵਾਲ ਦੇ ਨਜ਼ਦੀਕ ਇਕ ਕਿਸਾਨ ਵਲੋਂ ਸੜਕ ਦੇ ਨਜ਼ਦੀਕ ਆਪਣੇ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ ਅਤੇ ਜਦੋਂ ਸਕੂਲ ਬੱਸ ਉਕਤ ਸੜਕ ਤੋਂ ਲੰਘਣ ਲੱਗੀ ਤਾਂ ਧੂੰਏ ਦੀ ਚਪੇਟ ’ਚ ਆਉਣ ਕਾਰਨ ਬੱਸ ਡਰਾਈਵਰ ਨੂੰ ਸੜਕ ਦਾ ਪਤਾ ਨਹੀਂ ਲੱਗਾ ਅਤੇ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਬੱਸ ਖੇਤ ’ਚ ਹੀ ਪਲਟ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕੇ ’ਤੇ ਜਾ ਕੇ ਸਾਰੀ ਤਫਤੀਸ਼ ਕੀਤੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਗਵੰਤ ਮਾਨ ਦੀ ਚਿਤਾਵਨੀ, ਕਿਹਾ-ਸਭ ਦੇ ਕਾਗਜ਼ ਨਿਕਲ ਰਹੇ, ਬੁਲਡੋਜ਼ਰ ਕਿੱਥੇ-ਕਿੱਥੇ ਚੱਲੇਗਾ ਵੇਖਦੇ ਰਹੋ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।