ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ''ਤੇ ਵੱਡਾ ਹਾਦਸਾ, ਪਿਆ ਚੀਕ-ਚਿਹਾੜਾ, ਅਚਾਨਕ ਪਲਟ ਗਈ ਪਿਕਅੱਪ ਗੱਡੀ
Monday, Jun 08, 2026 - 05:21 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ 'ਤੇ ਜਲਾਲਾਬਾਦ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਟਾਇਰ ਫਟਣ ਕਾਰਨ ਮਜ਼ਦੂਰਾਂ ਨਾਲ ਭਰੀ ਇੱਕ ਪਿਕਅੱਪ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ 9 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਦੇ ਪਿੰਡ ਹਸਤਾ ਕਲਾਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਰੀਬ 20 ਤੋਂ 25 ਮਜ਼ਦੂਰ ਪਿਕਅੱਪ ਗੱਡੀ 'ਚ ਸਵਾਰ ਹੋ ਕੇ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖਾਸ ਇਲਾਕੇ 'ਚ ਝੋਨੇ ਦੀ ਬਿਜਾਈ ਲਈ ਜਾ ਰਹੇ ਸਨ। ਜਦੋਂ ਗੱਡੀ ਜਲਾਲਾਬਾਦ ਨੇੜੇ ਇੱਕ ਪੈਟਰੋਲ ਪੰਪ ਕੋਲ ਪਹੁੰਚੀ ਤਾਂ ਅਚਾਨਕ ਪਿਛਲਾ ਟਾਇਰ ਫੱਟ ਗਿਆ, ਜਿਸ ਕਾਰਨ ਡਰਾਈਵਰ ਦਾ ਗੱਡੀ 'ਤੇ ਕੰਟਰੋਲ ਖੋਹ ਗਿਆ।
ਪੁਲਸ ਮੁਤਾਬਕ ਟਾਇਰ ਫੱਟਣ ਤੋਂ ਬਾਅਦ ਪਿਕਅੱਪ ਕਈ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਡਿਵਾਈਡਰ ਨਾਲ ਟਕਰਾ ਕੇ ਉਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰਾਣੋ ਬਾਈ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਦੇ ਹੋਰ ਲੋਕ ਮਜ਼ਦੂਰੀ ਲਈ ਲੋਹੀਆਂ ਖਾਸ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰ ਗਿਆ। ਉੱਥੇ ਹੀ ਪੁਲਸ ਕਰਮਚਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
