ਵੱਡੀ ਲਾਪ੍ਰਵਾਹੀ: ਡਰਾਈਵਰ ਦੀ ਗਲਤੀ ਕਾਰਨ ਰੇਲ ਇੰਜਣ ਪਿੱਛੇ ਕੰਮ ਕਰ ਰਹੇ ਟੈਕਨੀਸ਼ੀਅਨ ਨਾਲ ਟਕਰਾਇਆ, ਗੰਭੀਰ ਜ਼ਖਮੀ

Monday, Sep 18, 2023 - 12:26 PM (IST)

ਜਲੰਧਰ (ਜ.ਬ.)-ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਐਤਵਾਰ ਸਵੇਰੇ ਟਰੇਨ ਦੇ ਡਰਾਈਵਰ ਦੀ ਗਲਤੀ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ’ਚ ਕੈਰੇਜ ਐਂਡ ਵੈਗਨ ਵਿਭਾਗ ਦੇ ਟੈਕਨੀਸ਼ੀਅਨ ਦੀ ਜਾਨ ਤਾਂ ਬਚ ਗਈ ਪਰ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਹਿਲਾਂ ਰੇਲਵੇ ਹਸਪਤਾਲ ਲਿਜਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰ ਐਤਵਾਰ ਚੱਲਣ ਵਾਲੀ ਅੰਤੋਦਿਆ ਐਕਸਪ੍ਰੈੱਸ ਪਲੇਟਫਾਰਮ ਨੰਬਰ 2 ’ਤੇ ਪਹੁੰਚੀ। ਉਸ ਦੀ ਪਾਵਰ (ਇੰਜਣ) ਰਿਵਰਸ ਕੀਤੀ ਜਾਣੀ ਸੀ। ਰੇਲਵੇ ਕਰਮਚਾਰੀਆਂ ਨੇ ਡੱਬਿਆਂ ਤੋਂ ਟਰੇਨ ਦੀ ਪਾਵਰ ਕੱਟ ਦਿੱਤੀ। ਡਰਾਈਵਰ ਇੰਜਣ ਨੂੰ ਥੋੜ੍ਹਾ ਅੱਗੇ ਲੈ ਗਿਆ। ਕੈਰੇਜ ਐਂਡ ਵੈਗਨ ਵਿਭਾਗ ਦਾ ਗਰੇਡ-1 ਟੈਕਨੀਸ਼ੀਅਨ ਨਵੀਨ ਕੁਮਾਰ ਪਿੱਛੇ ਕੰਮ ਕਰ ਰਿਹਾ ਸੀ। ਸਿਗਨਲ ਮਿਲਣ ’ਤੇ ਫੋਰਕ ਚਾਲਕ ਨੇ ਡਰਾਈਵਰ ਨੂੰ ਇੰਜਣ ਅੱਗੇ ਲਿਜਾਣ ਲਈ ਕਿਹਾ ਪਰ ਡਰਾਈਵਰ ਨੇ ਇੰਜਣ ਅੱਗੇ ਦੀ ਬਜਾਏ ਪਿੱਛੇ ਵੱਲ ਚਲਾ ਦਿੱਤਾ, ਜੋ ਪਿੱਛੇ ਖੜ੍ਹੇ ਡੱਬਿਆਂ ਨਾਲ ਜਾ ਟਕਰਾਇਆ। ਇਸ ਦੌਰਾਨ ਨਵੀਨ ਕੁਮਾਰ ਹੇਠਾਂ ਬੈਠ ਕੇ ਕੰਮ ਕਰ ਰਿਹਾ ਸੀ। ਉਸ ਦੀ ਜਾਨ ਤਾਂ ਬਚ ਗਈ, ਨਹੀਂ ਤਾਂ ਉਹ ਵਿਚਾਲੇ ਹੀ ਪਿਸ ਸਕਦਾ ਸੀ।

ਇਹ ਵੀ ਪੜ੍ਹੋ-  ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

ਮੌਕੇ ’ਤੇ ਖੜ੍ਹੇ ਹੋਰ ਰੇਲਵੇ ਕਰਮਚਾਰੀਆਂ ਨੇ ਤੁਰੰਤ ਟੈਕਨੀਸ਼ੀਅਨ ਨੂੰ ਗੰਭੀਰ ਜ਼ਖਮੀ ਹਾਲਤ ’ਚ ਰੇਲਵੇ ਹਸਪਤਾਲ ਪਹੁੰਚਾਇਆ। ਉਨ੍ਹਾਂ ਡਾਕਟਰਾਂ ਨੂੰ ਉਸ ਨੂੰ ਇਲਾਜ ਲਈ ਕਿਸੇ ਵੱਡੇ ਹਸਪਤਾਲ ਵਿਚ ਰੈਫਰ ਕਰਨ ਲਈ ਕਿਹਾ। ਇਸ ਦੌਰਾਨ ਡਾਕਟਰਾਂ ਅਤੇ ਯੂਨੀਅਨ ਆਗੂਆਂ ਵਿਚਾਲੇ ਤਕਰਾਰ ਹੋਣ ਦੀ ਵੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਕਾਫੀ ਗਹਿਮਾਗਹਿਮੀ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ’ਚ ਲਿਜਾ ਕੇ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਉਸ ਦੀ ਅੱਖ ਦੇ ਨੇੜੇ ਟਾਂਕੇ ਲਾਉਣ ਦੀ ਸੂਚਨਾ ਮਿਲੀ ਹੈ।

ਅੰਬਾਲਾ ਹੈੱਡਕੁਆਰਟਰ ਦੇ ਡਰਾਈਵਰ ਨੂੰ ਟਰੇਨ ਤੋਂ ਉਤਾਰ ਕੇ ਦੂਜੇ ਨੂੰ ਚੜ੍ਹਾਇਆ
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਸਟੇਸ਼ਨ ਸੁਪਰਡੈਂਟ ਹਰੀਦੱਤ ਸ਼ਰਮਾ, ਸੀ. ਡੀ. ਓ. ਉਪਕਾਰ ਵਿਸ਼ਿਸ਼ਟ, ਟਰੈਫਿਕ ਇੰਸਪੈਕਟਰ ਅਸ਼ੋਕ ਸਿਨਹਾ, ਡਿਪਟੀ ਐੱਸ. ਐੱਸ., ਲੋਕੋ ਫੋਰਮੈਨ ਤੋਂ ਇਲਾਵਾ ਕਈ ਸੀਨੀਅਰ ਸੈਕਸ਼ਨ ਇੰਜੀਨੀਅਰ ਵੀ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਕੀਤੀ। ਲਾਪ੍ਰਵਾਹੀ ਵਰਤਣ ਵਾਲੇ ਰੇਲ ਇੰਜਣ ਦੇ ਡਰਾਈਵਰ ਦਾ ਨਾਂ ਰਾਮਚੰਦ ਅਤੇ ਹੈੱਡਕੁਆਰਟਰ ਅੰਬਾਲਾ ਦੱਸਿਆ ਜਾ ਰਿਹਾ ਹੈ। ਨਵੀਨ ਦੇ ਸਾਥੀ ਕਰਮਚਾਰੀਆਂ ਅਤੇ ਯੂਨੀਅਨ ਆਗੂਆਂ ਵੱਲੋਂ ਘਟਨਾ ਦਾ ਸਖ਼ਤ ਨੋਟਿਸ ਲੈਣ ਤੋਂ ਬਾਅਦ ਡਰਾਈਵਰ ਨੂੰ ਟਰੇਨ ਤੋਂ ਉਤਾਰ ਲਿਆ ਗਿਆ ਅਤੇ ਅੰਤੋਦਿਆ ਐਕਸਪ੍ਰੈੱਸ ਨੂੰ ਚਾਲਕ ਦਲ ਦੇ ਹੋਰ ਮੈਂਬਰਾਂ ਸਮੇਤ ਕਰੀਬ 45 ਮਿੰਟ ਦੀ ਦੇਰੀ ਨਾਲ ਰਵਾਨਾ ਕੀਤਾ ਗਿਆ। ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮੰਡਲ ਅਧਿਕਾਰੀਆਂ ਤੱਕ ਵੀ ਪਹੁੰਚ ਗਈ ਹੈ। ਆਉਣ ਵਾਲੇ ਦਿਨਾਂ ’ਚ ਡਰਾਈਵਰ ਖਿਲਾਫ ਸਖਤ ਕਾਰਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ-  ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News