ਮਜੀਠੀਆ ਦੀ ਸਾਬਕਾ CM ਚੰਨੀ ''ਤੇ ਚੁਟਕੀ, ਕਿਹਾ- ''ਛੱਲੇ'' ਦੇ ਵਾਪਸ ਆਉਣ ''ਤੇ ਵੀਡੀਓ ਕਰਾਂਗਾ ਜਨਤਕ

Wednesday, Aug 17, 2022 - 07:39 PM (IST)

ਚੰਡੀਗੜ੍ਹ/ਨਵਾਂ ਸ਼ਹਿਰ : ਬਹੁ ਕਰੋੜੀ ਨਸ਼ੇ ਸਮੱਗਲਿੰਗ ਦੇ ਕੇਸ 'ਚ ਫ਼ਸੇ ਸ਼੍ਰੋਮਣੀ ਅਕਾਲੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਜ਼ਮਾਨਤ 'ਤੇ ਰਿਹਾਅ ਹੋਣ ਮਗਰੋਂ ਬੀਤੇ ਦਿਨ ਸ਼ਕਤੀ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਰੋਡ ਸ਼ੋਅ ਕੱਢਿਆ। ਇਸ ਦੌਰਾਨ ਖੱਟਕੜ ਕਲਾਂ ਪਹੁੰਚ ਕੇ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਵਾਲੇ ਆਪ ਗਾਇਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਅਜਿਹੇ ਪਹਿਲੇ ਸਿਟਿੰਗ ਮੁੱਖ ਮੰਤਰੀ ਸਨ ਜੋ ਆਪਣੀਆਂ ਦੋਵੇਂ ਸੀਟਾਂ ਤੋਂ ਹਾਰ ਗਏ ਸਨ। ਮਜੀਠੀਆ ਨੇ ਕਿਹਾ ਕਿ ਉਹ ਚੰਨੀ ਦੇ ਵਿਦੇਸ਼ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਚੰਨੀ ਬਾਰੇ ਇਕ ਵੀਡੀਓ ਹੈ ਜਿਸ ਨੂੰ ਚੰਨੀ ਦੇ ਆਉਣ 'ਤੇ ਹੀ ਵਾਇਰਲ ਕੀਤਾ ਜਾਵੇਗਾ। 

ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਉਸ ਨੂੰ ਝੂਠੇ ਕੇਸ 'ਚ ਫਸਾਇਆ ਹੈ। ਉਨ੍ਹਾਂ ਨੂੰ ਜੇਲ੍ਹ ਭੇਜਣ ਲਈ ਵਾਰ-ਵਾਰ ਡੀ.ਜੀ.ਪੀ. ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਬਦਲੇ ਗਏ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਬਦਲਾਖੋਰੀ ਦੀ ਨੀਤੀ ਨਾਲ ਕੰਮ ਕੀਤਾ ਹੈ। ਮਜੀਠੀਆ ਨੇ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੈਨੂੰ ਫਸਾਉਣ ਪਿੱਛੇ ਸਿੱਧੂ ਦਾ ਵੀ ਹੱਥ ਹੈ ਪਰ ਸਿੱਧੂ ਆਪ ਅੱਜ ਜੇਲ੍ਹ 'ਚ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ। ਭਾਵੇਂ ਮਜੀਠੀਆ 2022 ਦੀਆਂ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ ਪਰ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਫਿਰ ਪਾਰਟੀ ਨੂੰ ਇਕਜੁੱਟ ਕਰਨ ਵਿਚ ਲੱਗ ਗਏ ਹਨ।

ਨੋਟ ਇਸ ਖ਼ਬਰ ਸੰਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Harnek Seechewal

Content Editor

Related News